ਸਰਕਾਰੀ ਸਕੂਲਾਂ ’ਚ 9ਵੀਂ ਤੇ 11ਵੀਂ ਦਾ ਹੋਵੇਗਾ ਆਨਲਾਈਨ ਟੈਸਟ

ਸਰਕਾਰੀ ਸਕੂਲਾਂ ’ਚ 9ਵੀਂ ਤੇ 11ਵੀਂ ਦਾ ਹੋਵੇਗਾ ਆਨਲਾਈਨ ਟੈਸਟ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਅਗਸਤ

ਯੂਟੀ ਦੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਕੰਪਾਰਟਮੈਂਟ ਦੀ ਪ੍ਰੀਖਿਆ ਆਨਲਾਈਨ ਲੈਣ ਦੀ ਯੋਜਨਾ ਹੈ। ਇਸ ਲਈ ਵਿਭਾਗ ਨੇ ਸਕੂਲ ਮੁਖੀਆਂ ਨੂੰ ਰਾਏ ਦੇਣ ਲਈ ਕਿਹਾ ਹੈ ਕਿ ਇਹ ਪ੍ਰੀਖਿਆ ਕਿਵੇਂ ਲਈ ਜਾ ਸਕਦੀ ਹੈ। ਇਸ ਬਾਰੇ 11 ਅਗਸਤ ਤਕ ਕਲੱਸਟਰ ਹੈੱਡਜ਼ ਨੂੰ ਵੇਰਵੇ ਦੇਣ ਲਈ ਕਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਧੇ ਤੋਂ ਵੱਧ ਸਕੂਲਾਂ ਨੇ ਅੱਜ ਦੁਪਹਿਰ ਤਕ ਕਲੱਸਟਰ ਹੈੱਡਜ਼ ਨੂੰ ਜਾਣਕਾਰੀ ਭੇਜ ਦਿੱਤੀ ਹੈ ਜੋ 12 ਅਗਸਤ ਤਕ ਵਿਸਥਾਰਤ ਰਿਪੋਰਟ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸੌਂਪਣਗੇ। ਇਸ ਵਾਰ ਸਿੱਖਿਆ ਵਿਭਾਗ ਨੇ ਕਰੋਨਾ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਫੇਲ੍ਹ ਨਹੀਂ ਕੀਤਾ ਸੀ। ਪੁਰਾਣੇ ਰਿਕਾਰਡ ’ਤੇ ਨਜ਼ਰ ਮਾਰੀ ਜਾਵੇ ਤਾਂ ਸਰਕਾਰੀ ਸਕੂਲਾਂ ਦੇ ਨੌਵੀਂ ਜਮਾਤ ਵਿਚ ਵੱਡੀ ਗਿਣਤੀ ਵਿਦਿਆਰਥੀ ਫੇਲ੍ਹ ਹੁੰਦੇ ਸਨ। ਇਸ ਦਾ ਮੁੱਖ ਕਾਰਨ ਰਾਈਟ ਟੂ ਐਜੂਕੇਸ਼ਨ ਐਕਟ ਤਹਿਤ ਅੱਠਵੀਂ ਜਮਾਤ ਤਕ ਕਿਸੇ ਵੀ ਵਿਦਿਆਰਥੀ ਨੂੰ ਫੇਲ੍ਹ ਨਾ ਕਰਨਾ ਹੈ। ਜਦੋਂ ਮਾੜੀ ਕਾਰਗੁਜ਼ਾਰੀ ਵਾਲੇ ਵਿਦਿਆਰਥੀ ਨੌਵੀਂ ਦੀ ਪ੍ਰੀਖਿਆ ਵਿੱਚ ਅਟਕ ਜਾਂਦੇ ਹਨ ਇਸੇ ਕਾਰਨ ਪੰਜਾਹ ਫੀਸਦੀ ਤਕ ਵਿਦਿਆਰਥੀ 9ਵੀਂ ’ਚ ਫੇਲ੍ਹ ਹੁੰਦੇ ਆਏ ਹਨ। ਯੂਟੀ ਗੌਰਮਿੰਟ ਕੇਡਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਦੱਸਿਆ ਕਿ ਕੇਂਦਰ ਨੂੰ ਨੋ ਡਿਟੈਂਸ਼ਨ ਪਾਲਿਸੀ ਨੂੰ ਛੋਟੀਆਂ ਜਮਾਤਾਂ ਵਿਚ ਲਾਗੂ ਕਰਨਾ ਚਾਹੀਦਾ ਹੈ ਤਾਂ ਹੀ ਵਿਦਿਆਰਥੀਆਂ ਦੇ ਦਸਵੀਂ ਜਮਾਤ ਤਕ ਦੇ ਨਤੀਜੇ ਸੁਧਾਰੇ ਜਾ ਸਕਦੇ ਹਨ।

ਹੈੱਡਮਾਸਟਰਾਂ ਦੀਆਂ ਨਿਯੁਕਤੀਆਂ ਕਰਨ ਲਈ ਇਤਰਾਜ਼ ਮੰਗੇ

ਯੂਟੀ ਦੇ ਰਜਿਸਟਰਾਰ ਸਿੱਖਿਆ ਨੇ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਪੱਤਰ ਲਿਖ ਕੇ ਸਰਕਾਰੀ ਸਕੂਲਾਂ ਵਿਚ ਹੈੱਡਮਾਸਟਰਾਂ ਦੀਆਂ ਖਾਲੀ ਅਸਾਮੀਆਂ ਲਈ ਇਤਰਾਜ਼ ਮੰਗੇ ਹਨ। ਰਜਿਸਟਰਾਰ ਨੇ 21 ਸੀਨੀਅਰ ਅਧਿਆਪਕਾਂ ਦੀ ਸੂਚੀ ਸੌਂਪਦਿਆਂ ਹਦਾਇਤ ਕੀਤੀ ਹੈ ਕਿ ਹਰ ਅਧਿਆਪਕ ਦਾ ਵੱਖਰਾ ਕੇਸ ਬਣਾ ਕੇ ਰਿਪੋਰਟ ਭੇਜੀ ਜਾਵੇ। ਇਹ ਵੀ ਦੱਸਣਾ ਬਣਦਾ ਹੈ ਕਿ ਇਹ ਨਿਯੁਕਤੀਆਂ ਪ੍ਰਮੋਸ਼ਨ ਕੋਟੇ ਤਹਿਤ ਕੀਤੀਆਂ ਜਾਣੀਆਂ ਹਨ। ਇਸ ਵੇਲੇ ਸ਼ਹਿਰ ਦੇ ਕਈ ਮਿਡਲ ਸਕੂਲਾਂ ਵਿਚ ਹੈੱਡਮਾਸਟਰ ਹੀ ਨਹੀਂ ਹਨ।

30 ਗਰੇਸ ਅੰਕ ਮਿਲਣ ਦੇ ਬਾਵਜੂਦ ਨਹੀਂ ਹੋਏ ਪਾਸ

ਇਹ ਵੀ ਪਤਾ ਲੱਗਾ ਹੈ ਕਿ ਇਸ ਵਾਰ ਨੌਵੀਂ ਤੇ ਗਿਆਰ੍ਹਵੀਂ ਦੇ ਵਿਦਿਆਰਥੀਆਂ ਨੂੰ ਪਾਸ ਕਰਨ ਲਈ 30 ਗਰੇਸ ਅੰਕ ਦਿੱਤੇ ਗਏ ਸਨ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਮੁਖੀਆਂ ਤੋਂ ਫੀਡਬੈਕ ਮੰਗੀ ਗਈ ਹੈ ਕਿ ਕੀ 9ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਹੋ ਸਕਦੀ ਹੈ। ਕੀ ਇਹ ਪ੍ਰੀਖਿਆ ਸਬਜੈਕਟਿਵ ਲਈ ਜਾਵੇ ਜਾਂ ਆਬਜੈਕਟਿਵ। ਇਸ ਤੋਂ ਇਲਾਵਾ ਹੋਰ ਸਮੱਸਿਆਵਾਂ ਬਾਰੇ ਵੀ ਸੁਝਾਅ 12 ਅਗਸਤ ਤਕ ਮੰਗੇ ਗਏ ਹਨ। ਇਸ ਤੋਂ ਪਹਿਲਾਂ ਸੀਬੀਐਸਈ ਨੇ ਦੇਸ਼ ਭਰ ਦੇ ਸਕੂਲਾਂ ਨੂੰ ਹਦਾਇਤ ਕੀਤੀ ਸੀ ਕਿ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਫੇਲ੍ਹ ਵਿਦਿਆਰਥੀਆਂ ਨੂੰ ਇਕ ਹੋਰ ਮੌਕਾ ਦਿੱਤਾ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All