ਬਨੂੜ ਨਹਿਰ ਵਿੱਚ ਪਾੜ ਪਿਆ

ਬਨੂੜ ਨਹਿਰ ਵਿੱਚ ਪਾੜ ਪਿਆ

ਕਰਮਜੀਤ ਸਿੰਘ ਚਿੱਲਾ
ਬਨੂੜ, 12 ਅਗਸਤ

ਬਨੂੜ ਨਹਿਰ ਵਿੱਚ ਅੱਜ ਸਵੇਰੇ ਪਿੰਡ ਮਦਨਪੁਰ ਅਤੇ ਚਲਹੇੜੀ ਦੇ ਨੇੜੇ ਪੱਚੀ ਫੁੱਟ ਚੌੜਾ ਪਾੜ ਪੈ ਗਿਆ। ਨਹਿਰੀ ਪਾਣੀ 100 ਏਕੜ ਤੋਂ ਵੱਧ ਖੇਤਰ ਤੱਕ ਫੈਲ ਗਿਆ ਤੇ ਕਿਸਾਨਾਂ ਦੀ ਮਿਰਚਾਂ, ਝੋਨਾ ਅਤੇ ਮੱਕੀ ਤੇ ਚਾਰੇ ਦੀਆਂ ਫ਼ਸਲਾਂ ਵਿੱਚ ਪਾਣੀ ਭਰ ਗਿਆ। ਮਦਨਪੁਰ ਚਲਹੇੜੀ ਦੇ ਕਿਸਾਨ ਰਜਿੰਦਰ ਸਿੰਘ, ਅਰਵਿੰਦਰ ਸਿੰਘ, ਮੇਲਾ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਨਹਿਰ ਵਿੱਚ ਪਾੜ ਗਿਆਰਾਂ ਵਜੇ ਦੇ ਕਰੀਬ ਪਿਆ। ਕਿਸਾਨਾਂ ਨੇ ਦੱਸਿਆ ਕਿ ਖੇਤ ਨੀਂਵੇ ਹੋਣ ਕਾਰਨ ਫ਼ਸਲਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਿਰਚਾਂ ਵਿੱਚ ਇੱਕ-ਦੋ ਦਿਨ ਪਾਣੀ ਖੜ੍ਹਾ ਰਹਿਣ ਦੀ ਸੂਰਤ ਵਿੱਚ ਸਾਰੀ ਫ਼ਸਲ ਖਰਾਬ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਾਕੀ ਫ਼ਸਲਾਂ ਵੀ ਨੁਕਸਾਨੀਆਂ ਗਈਆਂ ਹਨ। ਕਿਸਾਨਾਂ ਨੇ ਆਖਿਆ ਕਿ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਪਾੜ ਬਾਬਤ ਜਾਣਕਾਰੀ ਦੇਣ ਦੇ ਬਾਵਜੂਦ ਸ਼ਾਮ ਤੱਕ ਪਾੜ ਪੂਰਨ ਦੀ ਕੋਈ ਵੀ ਕਾਰਵਾਈ ਨਹੀਂ ਆਰੰਭੀ ਗਈ, ਜਦੋਂ ਕਿ ਪਾਣੀ ਲਗਾਤਾਰ ਫ਼ਸਲਾਂ ਵਿੱਚ ਜਾ ਰਿਹਾ ਹੈ। ਕਿਸਾਨਾਂ ਨੇ ਉੱਚ ਅਧਿਕਾਰੀਆਂ ਤੋਂ ਦਖਲ ਦੀ ਮੰਗ ਕਰਦਿਆਂ ਨਹਿਰ ਦਾ ਪਾੜ ਤੁਰੰਤ ਪੂਰਨ ਦੀ ਮੰਗ ਕੀਤੀ। ਸਿੰਜਾਈ ਵਿਭਾਗ ਦੇ ਐਕਸੀਅਨ ਚੰਦਰ ਮੋਹਨ ਸ਼ਰਮਾ ਨੇ ਦੱਸਿਆ ਕਿ ਬਨੂੜ ਨਹਿਰ ਵਿੱਚ ਘੱਗਰ ਤੋਂ ਪਾਣੀ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਗਲੇ ਇੱਕ ਦੋ ਦਿਨਾਂ ਵਿੱਚ ਨਹਿਰ ਦਾ ਪਾੜ ਪੂਰ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All