ਮਾਨ ਦਾ ਦਾਅਵਾ: ਸਾਡੇ ਰਾਜ ’ਚ ਕੋਈ ਪੇਪਰ ਲੀਕ ਨਹੀਂ..; ਵਿਰੋਧੀਆਂ ਨੇ 6 ਮਾਮਲੇ ਗਿਣਾ ਕੇ ਦਿੱਤੀ ਚੁਣੌਤੀ
ਬਾਬਾ ਫ਼ਰੀਦ ਯੂਨੀਵਰਸਿਟੀ ਦੀ ਫਾਰਮੇਸੀ ਅਫ਼ਸਰ ਪ੍ਰੀਖਿਆ ਤੋਂ ਬਾਅਦ ਭਖਿਆ ਮੁੱਦਾ; ਪੁਲੀਸ ਅਨੁਸਾਰ ਇਹ ‘ਪੇਪਰ ਲੀਕ’ ਨਹੀਂ ਬਲਕਿ ਹਾਈ-ਟੈੱਕ ਨਕਲ ਦਾ ਮਾਮਲਾ
ਦੇਸ਼ ਭਰ ਵਿੱਚ ਪ੍ਰੀਖਿਆ ਪੇਪਰ ਲੀਕ ਦੇ ਮੁੱਦੇ ’ਤੇ ਚੱਲ ਰਹੀ ਬਹਿਸ ਦੇ ਵਿਚਕਾਰ ਹੁਣ ਪੰਜਾਬ ਵਿੱਚ ਵੀ ਇਸ ਮੁੱਦੇ ’ਤੇ ਰਾਜਨੀਤਿਕ ਘਮਾਸਾਨ ਤੇਜ਼ ਹੋ ਗਿਆ ਹੈ। 19 ਜੁਲਾਈ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS) ਵੱਲੋਂ 454 ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ ਲਈ ਗਈ ਪ੍ਰੀਖਿਆ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲੈ ਲਿਆ ਹੈ। ਪ੍ਰੀਖਿਆ ਦੌਰਾਨ ਪੰਜਾਬ ਪੁਲੀਸ ਨੇ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੈੱਨ ਕੈਮਰੇ, ਬਲੂਟੁੱਥ ਈਅਰਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਣ ਬਰਾਮਦ ਕੀਤੇ ਸਨ।
#WATCH | Ludhiana, Punjab: BJP State President, Punjab, Kewal Singh Dhillon says, "... The Central Government is handling the paper leak issue with the utmost priority and seriousness. The matter has now been moved to a fast-track court, with an increased punishment of 10 years'… pic.twitter.com/iLYze8LIMc
— ANI (@ANI) July 26, 2026
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪਿਛਲੇ ਚਾਰ-ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ “ਇੱਕ ਵੀ ਪ੍ਰਤੀਯੋਗੀ ਪ੍ਰੀਖਿਆ ਦਾ ਪੇਪਰ ਲੀਕ ਨਹੀਂ ਹੋਇਆ।” ਦੂਜੇ ਪਾਸੇ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਹੈ ਕਿ 2022 ਤੋਂ ਬਾਅਦ ਪੰਜਾਬ ਵਿੱਚ ਭਰਤੀ ਅਤੇ ਬੋਰਡ ਪ੍ਰੀਖਿਆਵਾਂ ਨਾਲ ਸਬੰਧਤ ਘੱਟੋ-ਘੱਟ 6 ਵੱਡੀਆਂ ਪੇਪਰ ਲੀਕ ਜਾਂ ਧਾਂਦਲੀ ਦੀਆਂ ਘਟਨਾਵਾਂ ਵਾਪਰੀਆਂ ਹਨ।
19 ਜੁਲਾਈ ਦੀ ਫਾਰਮੇਸੀ ਅਫ਼ਸਰ ਪ੍ਰੀਖਿਆ ਦਾ ਮਾਮਲਾ
ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ 454 ਅਸਾਮੀਆਂ ਲਈ ਲਈ ਗਈ ਪ੍ਰੀਖਿਆ ਵਿੱਚ ਲਗਭਗ 7,000 ਉਮੀਦਵਾਰ ਬੈਠੇ ਸਨ। ਪ੍ਰੀਖਿਆ ਦੌਰਾਨ ਪੁਲੀਸ ਨੇ ਹਾਈ-ਟੈੱਕ ਨਕਲ ਰੈਕੇਟ ਦਾ ਫ਼ੜ੍ਹਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਉਮੀਦਵਾਰਾਂ ਨੇ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਪੈੱਨ ਕੈਮਰਿਆਂ ਨਾਲ ਪ੍ਰਸ਼ਨ ਪੱਤਰ ਦੀਆਂ ਤਸਵੀਰਾਂ ਖਿੱਚ ਕੇ ਬਾਹਰ ਭੇਜੀਆਂ ਸਨ।
ਪੰਜਾਬ ਪੁਲੀਸ ਦਾ ਪੱਖ
ਪੰਜਾਬ ਪੁਲੀਸ ਦਾ ਕਹਿਣਾ ਹੈ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਪੁਲੀਸ ਅਨੁਸਾਰ ਇਹ ‘ਪ੍ਰੀ-ਐਗਜ਼ਾਮ ਪੇਪਰ ਲੀਕ’ ਨਹੀਂ ਬਲਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਤਕਨਾਲੋਜੀ ਦੀ ਵਰਤੋਂ ਨਾਲ ਕੀਤੀ ਗਈ ‘ਰੀਅਲ-ਟਾਈਮ ਨਕਲ’ ਦਾ ਮਾਮਲਾ ਹੈ।
ਵਿਰੋਧੀ ਧਿਰਾਂ ਵਲੋਂ ਗਿਣਾਏ ਗਏ 6 ਮਾਮਲੇ
ਵਿਰੋਧੀ ਧਿਰਾਂ ਅਤੇ ਮੀਡੀਆ ਰਿਪੋਰਟਾਂ ਅਨੁਸਾਰ 2022 ਤੋਂ ਬਾਅਦ ਹੇਠ ਲਿਖੇ 6 ਮਾਮਲਿਆਂ ਵਿੱਚ ਧਾਂਦਲੀ ਜਾਂ ਲੀਕ ਦੇ ਦੋਸ਼ ਲੱਗੇ ਹਨ।
- ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ (2022): ਡਮੀ ਉਮੀਦਵਾਰਾਂ ਤੇ ਇਲੈਕਟ੍ਰਾਨਿਕ ਉਪਕਰਣਾਂ ਨਾਲ ਨਕਲ ਦੇ ਦੋਸ਼, ਪ੍ਰੀਖਿਆ ਰੱਦ ਕਰਨੀ ਪਈ ਸੀ।
- SSSB ਗਰੁੱਪ-ਬੀ ਅਫ਼ਸਰ ਭਰਤੀ ਪ੍ਰੀਖਿਆ
- ਖੇਤੀਬਾੜੀ ਵਿਕਾਸ ਅਫ਼ਸਰ (ADO) ਭਰਤੀ ਪ੍ਰੀਖਿਆ
- ਪੰਜਾਬ ਸਕੂਲ ਸਿੱਖਿਆ ਬੋਰਡ (PSEB) 12ਵੀਂ ਅੰਗਰੇਜ਼ੀ ਪੇਪਰ ਵਿਵਾਦ
- ਪੁਲੀਸ ਭਰਤੀ ਪ੍ਰੀਖਿਆਵਾਂ ਵਿੱਚ ਗੜਬੜੀ ਦੇ ਦੋਸ਼
- ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ (2026)
ਸਵਾਤੀ ਮਾਲੀਵਾਲ ਨੇ ਇਸ ਮੁੱਦੇ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਸਰਕਾਰ ਜਵਾਬਦੇਹੀ ਤੋਂ ਬਚਣ ਲਈ ‘ਪੇਪਰ ਲੀਕ’ ਅਤੇ ‘ਨਕਲ/ਧਾਂਦਲੀ’ ਸ਼ਬਦਾਂ ਵਿੱਚ ਉਲਝਾ ਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

