ਗੁਰੂ ਘਰਾਂ ਵਿੱਚ ਗੋਲਕਾਂ ਦੀ ਚੋਰੀ, ਖੇਤਾਂ ਵਿੱਚੋਂ ਮਿਲੀਆਂ ਖਾਲੀ ਗੋਲਕਾਂ
ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਲੈਹਲੀ ਚੌਂਕੀ ਅਧੀਨ ਪੈਂਦੇ ਪਿੰਡ ਆਗਾਂਪੁਰ ਅਤੇ ਤੋਂਗਾਪੁਰ ਦੇ ਗੁਰਦੁਆਰਾ ਸਾਹਿਬਾਂ ਵਿੱਚ ਗੋਲਕ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ।ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਤੜਕੇ ਕਰੀਬ 2 ਵਜੇ ਅਣਪਛਾਤੇ ਵਿਅਕਤੀ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਏ ਅਤੇ ਗੋਲਕ ਚੁੱਕ ਕੇ ਫਰਾਰ ਹੋ ਗਏ। ਸੀਸੀਟੀਵੀ ਫੁਟੇਜ ਵਿੱਚ ਦੋ ਨੌਜਵਾਨ ਨੰਗੇ ਸਿਰ ਗੁਰਦੁਆਰਾ ਪਰਿਸਰ ਵਿੱਚ ਘੁੰਮਦੇ ਅਤੇ ਗੋਲਕ ਲੈ ਜਾਂਦੇ ਨਜ਼ਰ ਆਏ ਹਨ।
ਸਵੇਰੇ ਜਦੋਂ ਸੰਗਤ ਗੁਰਦੁਆਰਾ ਸਾਹਿਬ ਪਹੁੰਚੀ ਤਾਂ ਗੋਲਕਾਂ ਗਾਇਬ ਮਿਲੀਆਂ। ਬਾਅਦ ਵਿੱਚ ਦੋਵੇਂ ਪਿੰਡਾਂ ਦੀਆਂ ਗੋਲਕਾਂ ਖੇਤਾਂ ਵਿੱਚ ਪਈਆਂ ਮਿਲੀਆਂ, ਜਿਨ੍ਹਾਂ ਵਿੱਚੋਂ ਨਕਦੀ ਰਕਮ ਕੱਢੀ ਹੋਈ ਸੀ। ਦੋਵੇਂ ਪਿੰਡ ਇਕ-ਦੂਜੇ ਦੇ ਨੇੜੇ ਹੋਣ ਕਾਰਨ ਸ਼ੱਕ ਹੈ ਕਿ ਕਿਸੇ ਇੱਕ ਹੀ ਗਰੋਹ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪਿੰਡ ਵਾਸੀਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਲੈਹਲੀ ਪੁਲੀਸ ਨੇ ਮਾਮਲਾ ਦਰਜ ਕਰਕੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।

