ਹਰਜੀਤ ਸਿੰਘ
ਜ਼ੀਰਕਪੁਰ, 30 ਨਵੰਬਰ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ‘ਤੇ ਉਸਾਰੇ ਜਾ ਰਹੇ ਓਵਰਪਾਸ ਦਾ ਕੰਮ ਮੁਕੰਮਲ ਹੋਣ ਨੇੜੇ ਪਹੁੰਚ ਗਿਆ ਹੈ। ਨਿਰਮਾਣ ਕੰਪਨੀ ਵੱਲੋਂ ਓਵਰਪਾਸ ਦੇ ਉੱਪਰ ਸੜਕ ‘ਤੇ ਪ੍ਰੀਮਿਕਸ ਪਾਉਣ ਦਾ ਕੰਮ ਚਾਲੂ ਕਰ ਦਿੱਤਾ ਹੈ। ਉਂਝ ਡਿਪਟੀ ਕਮਿਸ਼ਨਰ ਅਮਿਤ ਤਲਵਾਰ ਨੇ ਨਿਰਮਾਣ ਕੰਪਨੀ ਨੂੰ ਇਸ ਦਾ ਕੰਮ ਪੂਰਾ ਕਰਨ ਲਈ 30 ਨਵੰਬਰ ਤੱਕ ਦੀ ਹਦਾਇਤ ਦਿੱਤੀ ਸੀ। ਕੰਮ ਪੂਰਾ ਹੋਣ ਮਗਰੋਂ ਚੰਡੀਗੜ੍ਹ ਹੱਦ ਦੇ ਨੇੜੇ ਲੱਗਣ ਵਾਲੇ ਜਾਮ ਤੋਂ ਵੱਡੀ ਰਾਹਤ ਮਿਲੇਗੀ।
ਪੀ.ਡਬਲਿਊ.ਡੀ. ਦੇ ਜੇ.ਈ. ਗੌਰਵ ਕੁਮਾਰ ਨੇ ਦੱਸਿਆ ਕਿ ਅਕਤੂਬਰ ਦੇ ਮਹੀਨੇ ਕੰਮ ਪੂਰਾ ਹੋਣ ਦਾ ਟੀਚਾ ਮਿੱਥਿਆ ਗਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੁਝ ਮਨਜ਼ੂਰੀਆਂ ਮਿਲਣ ਵਿੱਚ ਦੇਰੀ ਹੋਣ ਕਾਰਨ ਇਸ ਦਾ ਕੰਮ ਤੈਅ ਸਮੇਂ ਤੋਂ ਪੱਛੜ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 15 ਦਸੰਬਰ ਤੱਕ ਇਸ ਨੂੰ ਚਾਲੂ ਕਰਨ ਦੀ ਸੰਭਾਵਨਾ ਹੈ।