ਚੰਡੀਗੜ੍ਹ ਵਿੱਚ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ : The Tribune India

ਚੰਡੀਗੜ੍ਹ ਵਿੱਚ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ

ਮੌਲੀ ਜੱਗਰਾਂ ਵਿੱਚ ਘਰਾਂ ’ਚ ਪਾਣੀ ਵੜਿਆ; ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੀਆਂ ਤਿਆਰੀਆਂ ’ਚ ਪਿਆ ਵਿਘਨ

ਚੰਡੀਗੜ੍ਹ ਵਿੱਚ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ

ਚੰਡੀਗੜ੍ਹ ਵਿੱਚ ਐਤਵਾਰ ਨੂੰ ਪਏ ਮੀਂਹ ਦੌਰਾਨ ਇਕ ਸੜਕ ’ਤੇ ਜਮ੍ਹਾਂ ਹੋਏ ਪਾਣੀ ’ਚੋਂ ਲੰਘਦੇ ਵਾਹਨ ਚਾਲਕ। -ਫੋਟੋ: ਵਿੱਕੀ ਘਾਰੂ

ਮੁਕੇਸ਼ ਕੁਮਾਰ

ਚੰਡੀਗੜ੍ਹ, 14 ਅਗਸਤ

ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਬਾਅਦ ਦੁਪਹਿਰ ਹੋਈ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਪਿਛਲੇ ਇੱਕ ਹਫਤੇ ਤੋਂ ਜਾਰੀ ਤਿਆਰੀਆਂ ਵਿੱਚ ਵਿਘਨ ਪਾਇਆ। ਇਸ ਦੇ ਨਾਲ ਹੀ ਬਾਰਿਸ਼ ਕਾਰਨ ਸ਼ਹਿਰ ਦੀਆਂ ਸੜਕਾਂ ਨੇ ਵੀ ਨਹਿਰਾਂ ਦਾ ਰੂਪ ਧਾਰ ਲਿਆ। ਇਸ ਦੌਰਾਨ ਪਿੰਡ ਮੌਲੀ ਜੱਗਰਾਂ ਸਮੇਤ ਹੋਰ ਕਈ ਥਾਵਾਂ ’ਤੇ ਲੋਕਾਂ ਦੇ ਘਰਾਂ ਵਿੱਚ ਬਾਰਿਸ਼ ਦਾ ਪਾਣੀ ਵੜ ਗਿਆ।

ਬਾਰਿਸ਼ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਭਰੇ ਪਾਣੀ ਨੇ ਵਾਹਨਾਂ ਦੀ ਰਫ਼ਤਾਰ ਮੱਠੀ ਪਾ ਦਿੱਤੀ। ਅੱਜ ਛੁੱਟੀ ਵਾਲਾ ਦਿਨ ਹੋਣ ਕਾਰਨ ਘੁੰਮਣ ਲਈ ਘਰਾਂ ਤੋਂ ਬਾਹਰ ਨਿਕਲੇ ਲੋਕਾਂ ਨੂੰ ਜਾਮ ਵਿੱਚ ਫਸਣਾ ਪਿਆ। ਅੱਜ ਹੋਈ ਬਾਰਿਸ਼ ਤੋਂ ਬਾਅਦ ਇੱਥੋਂ ਦੇ ਪਿੰਡ ਮੌਲੀ ਜੱਗਰਾਂ ਦੇ ਸਰਕਾਰੀ ਸਕੂਲ ਨੇੜੇ ਇੱਕ ਗਲੀ ਵਿਚਲੇ ਘਰਾਂ ’ਚ ਪਾਣੀ ਵੜ ਗਿਆ। ਇਸੇ ਗਲੀ ਵਿੱਚ ਨਗਰ ਨਿਗਮ ਕੌਂਸਲਰ ਦਾ ਘਰ ਵੀ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਸਮੱਸਿਆ ਸਬੰਧੀ ਬਣਾਈ ਟੀਮ ਨੂੰ ਇਸ ਬਾਰੇ ਸੂਚਨਾਂ ਦਿੱਤੀ ਗਈ ਪਰ ਮੌਕੇ ’ਤੇ ਪੁੱਜੇ ਸਬੰਧਤ ਵਿਭਾਗ ਦੇ ਕਰਮਚਾਰੀਆਂ ਨੇ ਪੀੜਤ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਆਪਣਾ ਬੁੱਤਾ ਸਾਰ ਦਿੱਤਾ। ਉੱਧਰ, ਅੱਜ ਹੋਈ ਬਰਸਾਤ ਨਾਲ ਭਲਕੇ ਸ਼ਹਿਰ ਵਿੱਚ ਹੋਣ ਵਾਲੇ ਆਜ਼ਾਦੀ ਦਿਹਾੜੇ ਸਬੰਧੀ ਸਮਾਗਮਾਂ ਦੀਆਂ ਤਿਆਰੀਆਂ ਵਿੱਚ ਵਿਘਨ ਪਿਆ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਥੋਂ ਦੇ ਸੈਕਟਰ 17 ਸਥਿਤ ਪਰੇਡ ਗਰਾਊਂਡ ਵਿੱਚ ਕੀਤੇ ਜਾਣ ਵਾਲੇ ਮੁੱਖ ਸਮਾਗਮ ਦੀਆਂ ਤਿਆਰੀਆਂ ਆਖਰੀ ਪੜਾਅ ’ਤੇ ਸਨ ਪਰ ਅੱਜ ਹੋਈ ਇਸ ਬਾਰਿਸ਼ ਨੇ ਤਿਆਰੀਆਂ ਵਿੱਚ ਵਿਘਨ ਪਾ ਦਿੱਤਾ।

ਹਾਲਾਂਕਿ ਬਰਸਾਤ ਦੇ ਮੱਦੇਨਜ਼ਰ ਸਮਾਗਮ ਵਾਲੀ ਥਾਂ ’ਤੇ ਪਹਿਲਾਂ ਹੀ ਵਾਟਰ ਪਰੂਫ ਪੰਡਾਲ ਲਗਾਇਆ ਜਾ ਰਿਹਾ ਸੀ। ਉਧਰ, ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਗਲੇ 48 ਘੰਟਿਆਂ ਵਿੱਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ।

ਬਨੂੜ ਦੀ ਐੱਮਸੀ ਰੋਡ ਦੀਆਂ ਦੁਕਾਨਾਂ ’ਚ ਮੀਂਹ ਦਾ ਪਾਣੀ ਵੜਿਆ

ਬਨੂੜ (ਕਰਮਜੀਤ ਸਿੰਘ ਚਿੱਲਾ): ਇੱਥੇ ਅੱਜ ਦੇਰ ਸ਼ਾਮ ਹੋਈ ਭਰਵੀਂ ਬਾਰਿਸ਼ ਦੌਰਾਨ ਐੱਮਸੀ ਰੋਡ ’ਤੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦਰਜਨਾਂ ਦੁਕਾਨਾਂ ਵਿੱਚ ਪਾਣੀ ਭਰ ਗਿਆ। ਬਾਰਿਸ਼ਾਂ ਦੇ ਇਸ ਮੌਸਮ ਦੌਰਾਨ ਇਹ ਤੀਜੀ ਵਾਰ ਦੁਕਾਨਾਂ ਵਿੱਚ ਪਾਣੀ ਭਰਨ ਕਾਰਨ ਦੁਕਾਨਦਾਰਾਂ ਵਿੱਚ ਭਾਰੀ ਰੋਸ ਹੈ। ਐੱਮਸੀ ਰੋਡ ਉੱਤੇ ਦੋ ਤੋਂ ਢਾਈ ਫੁੱਟ ਪਾਣੀ ਭਰਨ ਕਾਰਨ ਕਈ ਘੰਟੇ ਆਵਾਜਾਈ ਵੀ ਬੰਦ ਰਹੀ ਅਤੇ ਸ਼ਹਿਰ ਦੇ ਕਈ ਵਾਰਡਾਂ ਦੇ ਵਸਨੀਕਾਂ ਨੂੰ ਆਪਣੇ ਘਰ ਜਾਣ ਲਈ ਬਦਲਵੇਂ ਰਸਤਿਆਂ ਰਾਹੀਂ ਘਰ ਪਹੁੰਚਣਾ ਪਿਆ। ਦੁਕਾਨਦਾਰਾਂ ਪਰਮਜੀਤ ਸਿੰਘ ਬਿੱਲੂ, ਰਿੰਕੂ ਬਾਂਸਲ, ਧੰਨਾ ਸਿੰਘ, ਰਾਜ ਕੁਮਾਰ ਵਰਮਾ, ਇੰਦਰਜੀਤ ਸਿੰਘ ਕਾਲਰਾ, ਤੇਜਿੰਦਰ ਸਿੰਘ, ਹੈਪੀ ਬਾਂਸਲ, ਜਸਪਾਲ ਸਿੰਘ, ਅਸ਼ਵਿੰਦਰ ਸਿੰਘ, ਰਾਜੀਵ ਗੁਜਰਾਲ ਆਦਿ ਨੇ ਦੱਸਿਆ ਕਿ ਜਦੋਂ ਤੋਂ ਕੌਮੀ ਮਾਰਗ ਬਣਿਆ ਹੈ, ਐੱਮਸੀ ਰੋਡ ਦੇ ਪਾਣੀ ਦਾ ਨਿਕਾਸ ਬੰਦ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਤਤਕਾਲੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਾਣੀ ਦੇ ਨਿਕਾਸ ਲਈ 84 ਲੱਖ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਇਸ ਪ੍ਰਾਜੈਕਟ ਤਹਿਤ ਪਾਈਪ ਵੀ ਆਏ ਪਏ ਹਨ ਪਰ ਹਾਲੇ ਤੱਕ ਕੰਮ ਸ਼ੁਰੂ ਨਹੀਂ ਕਰਾਇਆ ਗਿਆ। ਇਸੇ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰੇ ਦੇ ਪਿਛਲੇ ਪਾਸੇ ਵੀ ਬਾਰਿਸ਼ ਦਾ ਕਾਫੀ ਪਾਣੀ ਇਕੱਤਰ ਹੋ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All