ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਸਤੰਬਰ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ 11 ਪਿੰਡਾਂ ਵਿੱਚ 14 ਨੰਬਰਦਾਰ ਲਗਾਉਣ ਦੀ ਤਿਆਰੀ ਖਿੱਚ ਲਈ ਗਈ ਹੈ। ਇਸ ਸਬੰਧੀ ਅੱਜ ਯੂਟੀ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਚਾਹਵਾਨ ਉਮੀਦਵਾਰਾਂ ਨੂੰ 15 ਦਿਨਾਂ ਦੇ ਅੰਦਰ ਅਪਲਾਈ ਕਰਨ ਲਈ ਕਿਹਾ ਹੈ।
ਯੂਟੀ ਪ੍ਰਸ਼ਾਸਨ ਨੇ ਮਨੀਮਾਜਰਾ ਵਿੱਚ ਤਿੰਨ ਨੰਬਰਦਾਰ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਵਿੱਚੋਂ ਇਕ ਅਨੁਸੂਚਿਤ ਜਾਤੀ ਵਰਗ ਅਤੇ ਦੋ ਨੰਬਰਦਾਰ ਜਨਰਲ ਵਰਗ ਨਾਲ ਸਬੰਧਤ ਹੋਣਗੇ। ਪਿੰਡ ਬੁਟਰੇਲਾ ’ਚ ਇਕ, ਮਲੋਆ ਵਿੱਚ ਦੋ, ਡੱਡੂਮਾਜਰਾ, ਖੁੱਡਾ ਲਾਹੌਰਾ, ਖੁੱਡਾ ਅਲੀਸ਼ੇਰ, ਧਨਾਸ, ਖੁੱਡਾ ਜੱਸੂ, ਬੱਡਮਾਜਰਾ ਤੇ ਬਡਹੇੜੀ ’ਚ ਵੀ ਇਕ-ਇਕ ਨੰਬਰਦਾਰ ਨਿਯੁਕਤ ਕੀਤਾ ਜਾਵੇਗਾ।