ਕਰਮਜੀਤ ਸਿੰਘ ਚਿੱਲਾ
ਬਨੂੜ, 29 ਜਨਵਰੀ
ਪੰਜਾਬ ਸਰਕਾਰ ਵੱਲੋਂ ਬਨੂੜ ਖੇਤਰ ਵਿੱਚ ਹੁਣ ਤੱਕ ਖੋਲ੍ਹੇ ਗਏ ਤਿੰਨ ਆਮ ਆਦਮੀ ਕਲੀਨਿਕ ਉਨ੍ਹਾਂ ਪਿੰਡਾਂ ਵਿੱਚ ਹੀ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚ ਪਹਿਲਾਂ ਹੀ ਸਿਹਤ ਕੇਂਦਰ ਮੌਜੂਦ ਹਨ। ਕਿਸੇ ਵੀ ਨਵੇਂ ਪਿੰਡ ਵਿੱਚ ਆਮ ਆਦਮੀ ਕਲੀਨਿਕ ਨਾ ਬਣਾਏ ਜਾਣ ਕਾਰਨ ਸਿਹਤ ਸੇਵਾਵਾਂ ਤੋਂ ਵਿਰਵੇ ਪਿੰਡਾਂ ਤੇ ਕਸਬਿਆਂ ਦੇ ਵਸਨੀਕਾਂ ਵਿੱਚ ਕਾਫ਼ੀ ਰੋਸ ਹੈ। ਗੌਰਤਲਬ ਹੈ ਕਿ 15 ਅਗਸਤ ਨੂੰ ਪਹਿਲੇ ਪੜਾਅ ਦੌਰਾਨ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਤਹਿਤ ਬਨੂੜ ਸ਼ਹਿਰ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਿਆ ਗਿਆ ਸੀ। ਸ਼ਹਿਰ ਵਿੱਚ ਪਹਿਲਾਂ ਹੀ ਤੀਹ ਬਿਸਤਰਿਆਂ ਵਾਲਾ ਕਮਿਊਨਿਟੀ ਹੈਲਥ ਸੈਂਟਰ ਮੌਜੂਦ ਹੈ। ਦੋ ਦਿਨ ਪਹਿਲਾਂ ਇਸ ਖੇਤਰ ਵਿੱਚ ਖੋਲ੍ਹੇ ਗਏ ਦੋ ਆਦਮੀ ਕਲੀਨਿਕਾਂ ਵਿੱਚ ਇੱਕ ਪਿੰਡ ਗੱਜੂ ਖੇੜਾ ਅਤੇ ਦੂਜਾ ਪਿੰਡ ਖੇੜੀ ਗੁਰਨਾ ਵਿੱਚ ਖੋਲ੍ਹਿਆ ਗਿਆ।
ਗੱਜੂ ਖੇੜਾ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਮਿਨੀ ਪ੍ਰਾਇਮਰੀ ਸਿਹਤ ਕੇਂਦਰ ਚੱਲ ਰਿਹਾ ਹੈ। ਇਸੇ ਮਿਨੀ ਪੀਐੱਚਸੀ ਵਿੱਚ ਆਮ ਆਦਮੀ ਪਾਰਟੀ ਕਲੀਨਿਕ ਖੋਲ੍ਹਿਆ ਗਿਆ ਹੈ। ਇੱਥੇ ਪਿੰਡ ਬਲਸੂਆਂ ਦੀ ਪੇਂਡੂ ਡਿਸਪੈਂਸਰੀ ਤੋਂ ਡਾਕਟਰ ਅਤੇ ਹੋਰਨਾਂ ਸਿਹਤ ਕੇਂਦਰਾਂ ਵਿੱਚੋਂ ਬਾਕੀ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਤਰ੍ਹਾਂ ਪਿੰਡ ਖੇੜੀ ਗੁਰਨਾ ਦੀ ਪਹਿਲਾਂ ਮੌਜੂਦ ਪੇਂਡੂ ਡਿਸਪੈਂਸਰੀ ਦੇ ਮੈਡੀਕਲ ਅਫ਼ਸਰ ਨੂੰ ਇੱਥੇ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ।
ਬਨੂੜ ਖੇਤਰ ਦੇ ਕਈ ਵੱਡੇ ਪਿੰਡਾਂ ਅਬਰਾਵਾਂ, ਮਨੌਲੀ ਸੂਰਤ, ਹੁਲਕਾ, ਬੂਟਾ ਸਿੰਘ ਵਾਲਾ, ਚੰਗੇਰਾ ਆਦਿ ਦੇ ਵਸਨੀਕ ਆਪੋ ਆਪਣੇ ਪਿੰਡਾਂ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਜਾਣ ਦੀ ਮੰਗ ਕਰ ਰਹੇ ਹਨ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦੇ ਕਹਿਣਾ ਹੈ, ਜਿਨ੍ਹਾਂ ਪਿੰਡਾਂ ਵਿੱਚ ਪਹਿਲਾਂ ਹੀ ਸਿਹਤ ਕੇਂਦਰ ਅਤੇ ਡਾਕਟਰ ਮੌਜੂਦ ਹਨ, ਉਨ੍ਹਾਂ ਵਿੱਚ ਹੀ ਆਮ ਆਦਮੀ ਕਲੀਨਿਕ ਖੋਲ੍ਹੇ ਜਾਣ ਦੀ ਕੋਈ ਤੁਕ ਨਹੀਂ ਹੈ।
ਕਲੀਨਿਕਾਂ ਵਿਚਲੇ ਟੈਸਟਾਂ ਦਾ ਕੰਮ ਪ੍ਰਾਈਵੇਟ ਲੈਬ ਨੂੰ ਸੌਂਪਿਆ: ਬਰਾੜ
ਰਾਜਪੁਰਾ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਅੱਜ ਖੇੜਾ ਗੱਜੂ ਵਿਖੇ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਮਿਨੀ ਪੀਐਚਸੀ 1978 ਦਾ ਅਕਾਲੀ ਸਰਕਾਰ ਸਮੇਂ ਦਾ ਸਥਾਪਿਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੇਂਡੂ ਡਿਸਪੈਂਸਰੀਆਂ ਨੂੰ ਹੀ ਆਮ ਆਦਮੀ ਕਲੀਨਿਕਾਂ ਦਾ ਨਾਮ ਦੇ ਕੇ ਇਨ੍ਹਾਂ ਉੱਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਲਗਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਆਲੇ ਦੁਆਲੇ ਦੇ ਸਿਹਤ ਕੇਂਦਰਾਂ ਦਾ ਸਟਾਫ਼ ਤਾਇਨਾਤ ਕਰਨ ਨਾਲ ਪੇਂਡੂ ਡਿਸਪੈਂਸਰੀਆਂ ਬੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਿੱਚ ਖੋਲੇ ਆਮ ਆਦਮੀ ਕਲੀਨਿਕਾਂ ਵਿੱਚ ਟੈਸਟਿੰਗ ਦਾ ਕੰਮ ਬਿਨਾਂ ਕੋਈ ਟੈਂਡਰ ਦਿੱਤੇ ਇੱਕੋ ਪ੍ਰਾਈਵੇਟ ਲੈਬ ਨੂੰ ਸੌਂਪ ਦਿੱਤਾ ਹੈ।