ਪੱਤਰ ਪ੍ਰੇਰਕ
ਚੰਡੀਗੜ੍ਹ, 17 ਸਤੰਬਰ
ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਆਈ. ਦੀ ਪੰਜਾਬ ਯੂਨੀਵਰਸਿਟੀ ਇਕਾਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਅੱਜ ‘ਕੌਮੀ ਬੇਰੁਜ਼ਗਾਰੀ ਦਿਵਸ’ ਵਜੋਂ ਮਨਾਇਆ। ਇਸ ਮੌਕੇ ਕੇਂਦਰ ਸਰਕਾਰ ਖਿਲਾਫ਼ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਸੈਕਟਰ-17 ਪਲਾਜ਼ਾ ਵਿਚ ਚਾਹ ਪਕੌੜੇ ਵੇਚੇ ਅਤੇ ਬੂਟ ਪਾਲਿਸ਼ਾਂ ਕਰਕੇ ਬੇਰੁਜ਼ਗਾਰੀ ਦੀ ਦੁਹਾਈ ਦਿੱਤੀ।
ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਆਈ. ਦੇ ਕੌਮੀ ਸਕੱਤਰ ਅਤੇ ਚੰਡੀਗੜ੍ਹ ਤੋਂ ਇੰਚਾਰਜ ਸ਼ੌਰਿਆਵੀਰ ਕਾਦਯਾਨ ਨੇ ਕਿਹਾ ਕਿ ਦੇਸ਼ ਵਿੱਚ ਕਰੋੜਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਬੇਰੁਜ਼ਗਾਰੀ ਪੈਰ ਪਸਾਰ ਚੁੱਕੀ ਹੈ ਅਤੇ ਲੱਖਾਂ ਰੁਪਏ ਪੜ੍ਹਾਈ ’ਤੇ ਖਰਚ ਕਰਕੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਊਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੁਜ਼ਗਾਰ ਦੇ ਵਾਅਦੇ ਨੂੰ ਪੁਗਾਉਣ ਵਿੱਚ ਨਾਕਾਮ ਰਹੇ ਹਨ। ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਇਸ ਅਨੋਖੇ ਰੋਸ ਪ੍ਰਦਰਸ਼ਨ ਰਾਹੀਂ ਉਨ੍ਹਾਂ ਪ੍ਰਧਾਨ ਮੰਤਰੀ ਤੱਕ ਦੇਸ਼ ਦੇ ਕਰੋੜਾਂ ਨੌਜਵਾਨਾਂ ਦੀ ਅਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਇਸ ਮੌਕੇ ਜਥੇਬੰਦੀ ਦੇ ਸੋਸ਼ਲ ਮੀਡੀਆ ਦੇ ਕੌਮੀ ਕੋਆਰਡੀਨੇਟਰ ਅਨੁਜ ਸਿੰਘ, ਸੁਖਜੀਤ, ਜਸ਼ਨ ਕੰਬੋਜ, ਰਾਹੁਲ ਕੁਮਾਰ, ਰਾਜਕਰਨ ਬੈਦਵਾਨ, ਅਤਿੰਦਰਜੀਤ ਸਿੰਘ ਰੌਬੀ, ਸਰਵੋਤਮ ਰਾਣਾ ਵੀ ਹਾਜ਼ਰ ਸਨ।