ਪੱਤਰ ਪ੍ਰੇਰਕ
ਕੁਰਾਲੀ, 18 ਸਤੰਬਰ
ਕੁਰਾਲੀ ਤੋਂ ਆਈਟੀ ਸਿਟੀ ਮੁਹਾਲੀ ਤੱਕ ਬਣਾਏ ਜਾ ਰਹੇ ਗਰੀਨਫੀਡਲ ਹਾਈਵੇਅ ਕਾਰਨ ਪ੍ਰੇਸ਼ਾਨ ਪਿੰਡ ਪਡਿਆਲਾ ਦੇ ਵਸਨੀਕਾਂ ਨੇ ਅੱਜ ਧਰਨਾ ਸ਼ੁਰੂ ਕਰਦਿਆਂ ਸੜਕ ਦੀ ਉਸਾਰੀ ਰੁਕਵਾ ਦਿੱਤੀ ਹੈ। ਪਿੰਡ ਵਾਸੀਆਂ ਨੇ ਪੁਰਾਣੀਆਂ ਸੜਕਾਂ ਨੂੰ ਚਾਲੂ ਰੱਖਣ, ਸਲਿੱਪ ਰੋਡ ਬਣਾਏ ਜਾਣ ਅਤੇ ਨਿਕਾਸੀ ਦੇ ਸਹੀ ਪ੍ਰਬੰਧ ਕਰਨ ਦੀ ਮੰਗ ਕਰਦਿਆਂ ਪੱਕੇ ਸੰਘਰਸ਼ ਦਾ ਐਲਾਨ ਕੀਤਾ ਹੈ। ਇਸ ਦੌਰਾਨ ਹਰਦੇਵ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਇਸ ਛੇ ਮਾਰਗੀ ਸੜਕੀ ਪ੍ਰਾਜੈਕਟ ਕਾਰਨ ਉਨ੍ਹਾਂ ਦੇ ਪਿੰਡ ਪਡਿਆਲਾ ਨੂੰ ਸਕੂਲ ਵਾਲੇ ਪਾਸੇ ਤੋਂ ਕੌਮੀ ਮਾਰਗ ਨਾਲ ਜੋੜਨ ਵਾਲੀ ਲਿੰਕ ਸੜਕ ਅਤੇ ਪਡਿਅਲਾ-ਕਾਲੇਵਾਲ ਲਿੰਕ ਸੜਕ ਬੰਦ ਕੀਤੀਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਸੜਕ ਦੇ ਇੱਕ ਵਾਸੇ ਹੀ ਸਰਵਿਸ ਰੋਡ ਦਿੱਤੀ ਜਾ ਰਹੀ ਹੈ ਜਦੋਂਕਿ ਦੂਜੇ ਪਾਸੇ ਵਾਲੇ ਖੇਤਾਂ ਵਾਲੇ ਕਿਸਾਨਾਂ ਲਈ ਕੋਈ ਵਿਉਂਤਬੰਦੀ ਨਹੀਂ ਕੀਤੀ ਗਈ। ਪਿੰਡ ਵਾਸੀਆਂ ਨੇ ਸੜਕ ਲਈ ਐਕੁਆਇਰ ਕੀਤੀ ਜ਼ਮੀਨ ਦੀ ਕੀਮਤ ਵੀ ਪਹਿਲਾਂ ਨਾਲੋਂ ਘੱਟ ਦਿੱਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਪੱਕਾ ਧਰਨਾ ਲਾ ਕੇ ਉਸਾਰੀ ਰੋਕਣ ਦਾ ਐਲਾਨ ਕੀਤਾ।
ਇਸ ਧਰਨੇ ਵਿੱਚ ਪੁੱਜੇ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਪਾਲ ਸਿੰਘ ਸਿਆਊ, ਪਰਮਦੀਪ ਸਿੰਘ ਬੈਦਵਾਨ, ਲਖਵਿੰਦਰ ਸਿੰਘ ਕਰਾਲਾ, ਲੋਕ ਹਿੱਤ ਮਿਸ਼ਨ ਗੁਰਮੀਤ ਸਿੰਘ ਸਾਂਟੂ ਤੇ ਰਵਿੰਦਰ ਸਿੰਘ ਵਜੀਦਪੁਰ ਨੇ ਹਮਾਇਤ ਦਾ ਐਲਾਨ ਕੀਤਾ।
ਉਸਾਰੀ ਕੰਪਨੀ ਦੇ ਅਧਿਕਾਰੀ ਗੌਰਵ ਕੁਮਾਰ ਨੇ ਕਿਹਾ ਕਿ ਸੜਕ ਦੀ ਉਸਾਰੀ ਮਨਜ਼ੂਰ ਹੋਏ ਪ੍ਰਾਜੈਕਟ ਅਨੁਸਾਰ ਹੀ ਕੀਤੀ ਜਾ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਤਬਦੀਲੀ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਹੀ ਹੋ ਸਕੇਗੀ।