ਆਤਿਸ਼ ਗੁਪਤਾ
ਚੰਡੀਗੜ੍ਹ, 25 ਅਗਸਤ
ਟ੍ਰਾਈਸਿਟੀ ਵਿੱਚ ਲੋਕਾਂ ਨੂੰ ਪੇਸ਼ ਆਉਣ ਵਾਲੀ ਆਵਾਜਾਈ ਸਮੱਸਿਆ ਦੇ ਨਿਪਟਾਰੇ ਲਈ ਟ੍ਰਾਈਸਿਟੀ ਵਿੱਚ ਮੈਟਰੋ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਪ੍ਰਾਜੈਕਟ ਦੀ ਮੁਕੰਮਲ ਰਿਪੋਰਟ ਤਿਆਰ ਕਰਨ ਲਈ ਆਉਣ ਵਾਲੇ ਖਰਚੇ ਦਾ ਭੁਗਤਾਨ ਕਰਨ ਲਈ ਪੰਜਾਬ ਸਰਕਾਰ ਨੇ ਸ਼ੁਰੂਆਤ ਕਰਦਿਆਂ 1.37 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਜਦੋਂ ਕਿ ਪ੍ਰਾਜੈਕਟ ਲਈ ਕੁਝ ਰੁਪਏ ਯੂਟੀ, ਹਰਿਆਣਾ ਤੇ ਕੇਂਦਰ ਸਰਕਾਰ ਪਾਵੇਗਾ। ਇਸ ਗੱਲ ਦੀ ਪੁਸ਼ਟੀ ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਰਿਆਣਾ ਤੋਂ ਵੀ ਸਹਿਯੋਗ ਮਿਲਣ ਦੀ ਉਮੀਦ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2023 ਦੀ ਸ਼ੁਰੂਆਤ ’ਚ ਯੂਟੀ ਪ੍ਰਸ਼ਾਸਨ ਨੇ ਟ੍ਰਾਈਸਿਟੀ ਵਿੱਚ ਮੈਟਰੋ ਸ਼ੁਰੂ ਕਰਨ ਦੇ ਫੈਸਲੇ ’ਤੇ ਆਖਰੀ ਮੋਹਰ ਲਗਾਈ ਸੀ। ਇਸ ਪ੍ਰਾਜੈਕਟ ਲਈ ਰਾਈਟਸ ਕੰਪਨੀ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਵੱਲੋਂ ਪ੍ਰਾਜੈਕਟ ਦੀ ਡੀਪੀਆਰ (ਮੁਕੰਮਲ ਰਿਪੋਰਟ) ਤਿਆਰ ਕੀਤੀ ਜਾ ਰਹੀ ਹੈ। ਡੀਪੀਆਰ ਤਿਆਰ ਕਰਨ ਲਈ 6.54 ਕਰੋੜ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ। ਡੀਪੀਆਰ ਤਿਆਰ ਹੋਣ ਤੋਂ ਬਾਅਦ ਹੀ ਵੱਖ-ਵੱਖ ਵਿਭਾਗਾਂ ਤੋਂ ਲੋੜੀਂਦੀ ਪ੍ਰਵਾਨਗੀਆਂ ਲਈ ਜਾਣਗੀਆਂ।
ਮੈਟਰੋ ਪ੍ਰਾਜੈਕਟ ’ਤੇ 10570 ਕਰੋੜ ਰੁਪਏ ਖਰਚਾ ਆਉਣ ਦੀ ਉਮੀਦ ਹੈ। ਇਸ ਵਿੱਚ ਸੂਬਿਆਂ ਵਿੱਚ 20 ਫ਼ੀਸਦ, ਕੇਂਦਰ ਸਰਕਾਰ ਵੱਲੋਂ 20 ਫੀਸਦ ਯੋਗਦਾਨ ਪਾਇਆ ਜਾਵੇਗਾ। ਜਦੋਂ ਕਿ 60 ਫੀਸਦ ਖਰਚਾ ਕਰਜ਼ਾ ਚੁੱਕ ਕੇ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਰਾਈਟਸ ਨੇ ਮੈਟਰੋ ਨੂੰ ਦੋ ਫੇਜ਼ ਵਿੱਚ ਮੁਕੰਮਲ ਕਰਵ ਦਾ ਪ੍ਰਸਤਾਵ ਦਿੱਤਾ ਹੈ। ਪਹਿਲੇ ਫੇਜ਼ ਸਾਲ 2027 ਅਤੇ ਦੂਜਾ ਫੇਜ਼ 2037 ’ਚ ਸ਼ੁਰੂ ਕੀਤਾ ਜਾ ਸਕੇਗਾ। ਪਹਿਲੇ ਫੇਜ਼ ਤਹਿਤ ਟ੍ਰਾਈਸਿਟੀ ਦੇ ਤਿੰਨ ਰੂਟਾਂ ’ਤੇ ਚਲਾਉਣ ਦਾ ਫੈਸਲਾ ਕੀਤਾ। ਪਹਿਲਾ ਪਾਰੌਲ, ਸਾਰੰਗਪੁਰ, ਆਈਐੱਸਬੀਟੀ ਪੰਚਕੂਲਾ ਤੋਂ ਪੰਚਕੂਲਾ ਐਕਸਟੈਂਸ਼ਨ ਤੱਕ (30 ਕਿਲੋਮੀਟਰ) ਤੱਕ ਤੈਅ ਕੀਤਾ ਹੈ। ਦੂਜੇ ਰੌਕ ਗਾਰਡਨ ਤੋਂ ਆਈਐੱਸਬੀਟੀ ਜ਼ੀਰਕਪੁਰ ਵਾਇਆ ਇੰਡਸਟਰੀਅਲ ਏਰੀਆ ਤੇ ਚੰਡੀਗੜ੍ਹ ਏਅਰਪੋਰਟ ਤੱਕ (34 ਕਿਲੋਮੀਟਰ) ਅਤੇ ਤੀਜੀ ਅਨਾਜ਼ ਮੰਡੀ ਚੌਕ ਸੈਕਟਰ-39 ਤੋਂ ਟਰਾਂਸਪੋਰਟ ਚੌਕ ਸੈਕਟਰ-26 (13 ਕਿਲੋਮੀਟਰ) ਤੱਕ ਬਣਾਇਆ ਜਾਵੇਗਾ। ਜਦੋਂ ਕਿ ਦੂਜੇ ਫੇਜ਼ ’ਚ ਮੈਟਰੋ ਨੂੰ ਏਅਰਪੋਰਟ ਚੌਕ ਤੋਂ ਮਾਣਕਪੁਰ ਕੱਲਰ (5 ਕਿਲੋਮੀਟਰ) ਤੇ ਆਈਐੱਸਬੀਟੀ ਜ਼ੀਰਕਪੁਰ ਤੋਂ ਪਿੰਜੋਰ (20 ਕਿਲੋਮੀਟਰ) ਤੱਕ ਸ਼ਾਮਲ ਕੀਤਾ ਗਿਆ ਹੈ।