ਪੂਟਾ ਦਾ ਊਪ ਕੁਲਪਤੀ ਦੀ ਰਿਹਾਇਸ਼ ਅੱਗੇ ਧਰਨਾ ਜਾਰੀ

ਪੂਟਾ ਦਾ ਊਪ ਕੁਲਪਤੀ ਦੀ ਰਿਹਾਇਸ਼ ਅੱਗੇ ਧਰਨਾ ਜਾਰੀ

ਪੂਟਾ ਦੇ ਅਹੁਦੇਦਾਰ ਉਪ-ਕੁਲਪਤੀ ਦੀ ਰਿਹਾਇਸ਼ ਅੱਗੇ ਧਰਨਾ ਦਿੰਦੇ ਹੋਏ।

ਕੁਲਦੀਪ ਸਿੰਘ

ਚੰਡੀਗੜ੍ਹ, 22 ਨਵੰਬਰ

ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਅਹੁਦੇਦਾਰਾਂ ਵੱਲੋਂ ਕਰੀਅਰ ਐਡਵਾਂਸਮੈਂਟ ਸਕੀਮ (ਕੈਸ) ਤਹਿਤ ਹੋਈਆਂ ਅਧਿਆਪਕਾਂ ਦੀਆਂ ਤਰੱਕੀਆਂ ਸਬੰਧੀ ਉਪ ਕੁਲਪਤੀ ਪ੍ਰੋ. ਰਾਜ ਕੁਮਾਰ ਦੀ ਰਿਹਾਇਸ਼ ਦੇ ਅੱਗੇ ਅੱਜ ਤੀਜੇ ਦਿਨ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਉਪ ਕੁਲਪਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਐਸੋਸੀਏਸ਼ਨ ਪ੍ਰਧਾਨ ਮ੍ਰਿਤੁੰਜਯ ਕੁਮਾਰ ਦੀ ਅਗਵਾਈ ਵਿੱਚ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਅਮਰਜੀਤ ਸਿੰਘ ਨੌਰਾ ਤੇ ਕੇਸ਼ਵ ਮਲਹੋਤਰਾ ਆਦਿ ਨੇ ਉਪ ਕੁਲਪਤੀ ਬਾਰੇ ਟਿੱਪਣੀਆਂ ਕਰਦਿਆਂ ਕਿਹਾ ਕਿ ਉਹ ਅਧਿਆਪਕਾਂ ਪ੍ਰਤੀ ਨਾਂਹਪੱਖੀ ਸੋਚ ਦੇ ਧਾਰਨੀ ਹਨ। ਆਪਣੇ ਕੁਝ ਕੁ ਚਹੇਤੇ ਅਧਿਆਪਕਾਂ ਦੀਆਂ ਗੱਲਾਂ ਨੂੰ ਅਧਾਰ ਬਣਾ ਕੇ ਪੰਜਾਬ ਯੂਨੀਵਰਸਿਟੀ ਵਿੱਚ ਕੈਸ ਪ੍ਰਮੋਸ਼ਨਾਂ ਵਰਗੇ ਰੁਟੀਨ ਵਿੱਚ ਹੋਣ ਵਾਲੇ ਕੰਮਾਂ ਵਿੱਚ ਅੜਿੱਕੇ ਲਗਾਉਂਦੇ ਰਹਿੰਦੇ ਹਨ।

ਅਹੁਦੇਦਾਰਾਂ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਜੰਬੇਸ਼ਵਰ ਯੂਨੀਵਰਸਿਟੀ, ਆਈ.ਆਈ.ਟੀ. ਕਾਨਪੁਰ ਵਰਗੀਆਂ ਯੂਨੀਵਰਸਿਟੀਆਂ ਵਿੱਚ ਕੈਸ ਪ੍ਰਮੋਸ਼ਨਾਂ ਹੋ ਚੁੱਕੀਆਂ ਹਨ ਪ੍ਰੰਤੂ ਇੱਥੇ ਪੰਜਾਬ ਯੂਨੀਵਰਸਿਟੀ ਵਿੱਚ ਹੀ ਅਧਿਆਪਕ ਵਿਰੋਧੀ ਵਤੀਰਾ ਦੇਖਣ ਨੂੰ ਮਿਲ ਰਿਹਾ ਹੈ ਜੋ ਨਿੰਦਣਯੋਗ ਹੈ।

ਉਨ੍ਹਾਂ ਦੱਸਿਆ ਕਿ ਅੱਜ ਭਾਵੇਂ ਧਰਨੇ ਵਾਲੀ ਥਾਂ ’ਵਰਸਿਟੀ ਦੇ ਕਿਸੇ ਅਧਿਕਾਰੀ ਨੇ ਉਨ੍ਹਾਂ ਨਾਲ ਆ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪ੍ਰੰਤੂ ਬਾਅਦ ਵਿੱਚ ਸੂਚਿਤ ਕੀਤਾ ਗਿਆ ਕਿ ਸੋਮਵਾਰ ਨੂੰ ਪ੍ਰਮੋਸ਼ਨ ਕਮੇਟੀ ਦੇ ਚੇਅਰਮੈਨ ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਨੇ ਆਨਲਾਈਨ ਮੀਟਿੰਗ ਬੁਲਾਈ ਹੈ ਜਿਸ ਵਿੱਚ ਪੂਟਾ ਪ੍ਰਧਾਨ ਨੂੰ ਵੀ ਸੱਦਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਸੋਮਵਾਰ ਵਾਲੀ ਮੀਟਿੰਗ ਵਿੱਚ ਉਕਤ ਮੰਗ ਉੱਤੇ ਹਾਂਪੱਖੀ ਅਮਲ ਨਾ ਕੀਤਾ ਗਿਆ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਧਰਨੇ ਵਿੱਚ ਕੈਮਿਸਟਰੀ ਵਿਭਾਗ ਤੋਂ ਨਵਨੀਤ ਕੌਰ, ਲਾਇਬ੍ਰੇਰੀ ਤੋਂ ਸੁਮਨ ਸੁੰਮੀ ਤੇ ਸਰਵਨਰਿੰਦਰ ਕੌਰ ਆਦਿ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All