Gursharan Singh Memorial Gallery ਵਿੱਚ ਨਾਟਕ ‘ਨਵਾਂ ਜਨਮ’ ਖੇਡਿਆ
ਸੁਚੇਤਕ ਰੰਗਮੰਚ ਵੱਲੋਂ ਗੁਰਸ਼ਰਨ ਸਿੰਘ ਦੇ ਜਨਮ ਸ਼ਤਾਬਦੀ ਸਾਲ ਦੀ ਖਾਸ ਤਿਆਰੀ ਕਰਨ ਦਾ ਐਲਾਨ
ਪੰਜਾਬੀ ਰੰਗਮੰਚ ਦੇ ਸ਼ਾਹ ਅਸਵਾਰ ਗੁਰਸ਼ਰਨ ਸਿੰਘ ਦਾ ਜਨਮ ਦਿਨ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ, ਸੈਕਟਰ 70 ਮੁਹਾਲੀ ਵਿੱਚ ਮਨਾਇਆ ਗਿਆ, ਜੋ ਸੁਚੇਤਕ ਸਕੂਲ ਆਫ਼ ਐਕਟਿੰਗ ਵਿੱਚ ਸਥਾਪਤ ਕੀਤੀ ਗਈ ਹੈ। ਇਸ ਮੌਕੇ ਗੁਰਸ਼ਰਨ ਸਿੰਘ ਦਾ ਨਾਟਕ ‘ਨਵਾਂ ਜਨਮ’ ਖੇਡਿਆ ਗਿਆ। ਨਾਟਕ ਵਿੱਚ ਨਿਰਦੇਸ਼ਕਾ ਅਨੀਤਾ ਸ਼ਬਦੀਸ਼, ਇਕੱਤਰ ਸਿੰਘ, ਤਜਿੰਦਰ ਸਿੰਘ, ਰਾਹੁਲ ਰਾਏ ਤੇ ਮਹਿੰਦਰ ਸਿੰਘ ਨੇ ਭੂਮਿਕਾਵਾਂ ਅਦਾ ਕੀਤੀਆਂ। ਸਮਾਗਮ ਮੌਕੇ ਸੁਰਿੰਦਰ ਗਿੱਲ, ਡਾ. ਰੌਣਕੀ ਰਾਮ, ਸੁਨੀਲ ਸਿਨਹਾ, ਰੌਬਿਨ ਬਤਰਾ, ਗੁਰਨਾਮ ਕੰਵਰ, ਸਰਦਾਰਾ ਸਿੰਘ ਚੀਮਾ, ਭੁਪਿੰਦਰ ਸਿੰਘ ਮਲਿਕ ਨੇ ਸ਼ਿਰਕਤ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਗੁਰਸ਼ਰਨ ਸਿੰਘ ਸਾਲ ਦੇ 365 ਦਿਨਾਂ ’ਚੋਂ 280 ਦਿਨ ਪਿੰਡਾਂ ਵਿੱਚ ਨਾਟਕ ਕਰਨ ਜਾਂਦੇ ਹਨ। ਉਹ ਇਸ ਪੱਖ ਤੋਂ ਇਤਿਹਾਸਕ ਹਸਤੀ ਹਨ, ਜਿਸ ਦਾ ਮੁਕਾਬਲਾ ਸ਼ਾਇਦ ਹੀ ਕੋਈ ਨਾਟਕਕਾਰ ਕਰ ਸਕੇਗਾ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਹ ਹਰ ਨਾਟਕ ਵਿੱਚ ਕੋਈ ਨਾ ਕੋਈ ਸਵਾਲ ਉਠਾਉਂਦੇ ਸਨ। ਡਾ. ਰੌਣਕੀ ਰਾਮ, ਗੁਰਨਾਮ ਕੰਵਰ ਤੇ ਸੁਰਿੰਦਰ ਗਿੱਲ ਨੇ ਆਪੋ-ਆਪਣੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਸ਼ਬਦੀਸ਼ ਨੇ ਕਿਹਾ, ‘‘2029 ਗੁਰਸ਼ਰਨ ਸਿੰਘ ਦਾ ਜਨਮ ਸ਼ਤਾਬਦੀ ਸਾਲ ਹੈ ਤੇ ਅਸੀਂ ਹੁਣੇ ਤੋਂ ਸੋਚ ਰਹੇ ਹਾਂ ਕਿ ਉਸ ਸਾਲ ਨੂੰ ਕਿਵੇਂ ਮਨਾਇਆ ਜਾਵੇ।’’

