ਦੋ ਤਖ਼ਤਾਂ ਸ੍ਰੀ ਅੰਮ੍ਰਿਤਸਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜੋੜਨ ਵਾਲੇ ਕਰੋੜਾਂ ਰੁਪਏ ਦੀ ਲਾਗਤ ਨਾਲ ਸੰਗਤਪਰ ਨੇੜੇ ਬਣੇ ਸੰਤ ਮਹਿੰਦਰ ਸਿੰਘ ਹਰਖੋਵਾਲ ਪੁਲ ਦੇ ਪਹਿਲੇ ਪਿੱਲਰ ਦੀ ਸੁਰੱਖਿਆ ਲਈ ਬਣਾਈ ਗਈ ਸਪੋਰਟ ਰਿਟੇਨਿੰਗ ਵਾਲ (ਡੰਗੇ) ਖਿਸਕਣ ਨੇ ਪੁਲ ਦੀ ਮਜ਼ਬੂਤੀ ਅਤੇ ਨਿਰਮਾਣ ਕਾਰਜ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਕੀਤੇ ਹਨ।
ਆਨੰਦਪੁਰ ਸਾਹਿਬ ਵਾਲੇ ਪਾਸੇ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਪਿੱਲਰ ਨੇੜੇ ਭਾਖੜਾ ਵੱਲੋਂ ਛੱਡੇ ਗਏ ਹਜ਼ਾਰਾਂ ਕਿਊਸਿਕ ਪਾਣੀ ਦੇ ਵਹਾਅ ਨਾਲ ਹੀ ਡੰਗੇ ਵਿੱਚ ਲੱਗੇ ਪੱਥਰਾਂ ਦੇ ਖਿਸਕਣ ਅਤੇ ਮਿੱਟੀ ਦੇ ਹੜਨ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ। ਅੱਜ ਪੰਜਾਬ ਮੋਰਚਾ, ਨਿਹੰਗ ਸਿੰਘ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਅਤੇ ਕਿਰਤੀ ਕਿਸਾਨ ਮੋਰਚਾ ਦੇ ਆਗੂਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ।
ਆਗੂਆਂ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਸਰਕਾਰ ਅਤੇ ਸਬੰਧਤ ਵਿਭਾਗਾਂ ਵੱਲੋਂ ਪੁਲ ਦੇ ਪਿੱਲਰਾਂ ਦੀ ਮਜ਼ਬੂਤੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ ਪਰ ਹੁਣ ਪਹਿਲੇ ਹੀ ਪਾਣੀ ਦੇ ਵਹਾਅ ਨੇ ਉਨ੍ਹਾਂ ਦਾਅਵਿਆਂ ਦੀ ਹਕੀਕਤ ਲੋਕਾਂ ਸਾਹਮਣੇ ਲਿਆ ਦਿੱਤੀ ਹੈ। ਹਾਲੇ ਮੌਨਸੂਨ ਸ਼ੁਰੂ ਨਹੀਂ ਹੋਇਆ ਅਤੇ ਨਾ ਹੀ ਦਰਿਆ ਵਿੱਚ ਵਾਧੂ ਪਾਣੀ ਆਇਆ ਹੈ। ਇਸ ਦੇ ਬਾਵਜੂਦ ਪੁਲ ਦੇ ਪਹਿਲੇ ਪਿੱਲਰ ਦੀ ਸੁਰੱਖਿਆ ਲਈ ਬਣਾਏ ਗਏ ਡੰਗੇ ਦੇ ਪੱਥਰ ਖਿਸਕਣ ਲੱਗ ਪਏ ਹਨ ਅਤੇ ਉਨ੍ਹਾਂ ਦੇ ਪਿੱਛੇ ਦੀ ਮਿੱਟੀ ਲਗਾਤਾਰ ਹੜ੍ਹ ਰਹੀ ਹੈ। ਇਸ ਮੌਕੇ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ, ਨਿਹੰਗ ਸਿੰਘ ਬਾਬਾ ਅੱਛਰ ਸਿੰਘ, ਧਰਮਵੀਰ ਸੈਣੀ ਮਾਜਰਾ, ਵੀਰ ਸਿੰਘ ਬੜਵਾ ਸਣੇ ਵੱਖ-ਵੱਖ ਸੰਘਰਸ਼ੀ ਜਥੇਬੰਦੀਆਂ ਦੇ ਆਗੂ ਮੌਜੂਦ ਸਨ।

