ਡੇਰਾਬੱਸੀ ਵਿੱਚ ਅਦਾਲਤੀ ਕੰਮਾਂ ’ਚ ਸੁਧਾਰ ਨੂੰ ਦੇਖਦਿਆਂ ਇੱਕ ਹੋਰ ਅਦਾਲਤ ਸਥਾਪਤ ਕੀਤੀ ਗਈ ਹੈ। ਇੱਥੇ ਹੁਣ ਕੁੱਲ ਅਦਾਲਤਾਂ ਦੀ ਗਿਣਤੀ 11 ਹੋ ਗਈ ਹੈ। ਪਹਿਲਾ ਇੱਥੇ ਦਸ ਅਦਾਲਤਾਂ ਮੌਜੂਦ ਸਨ, ਜਿਸ ਵਿੱਚ ਇੱਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਅਤੇ ਅੱਠ ਜੂਨੀਅਰ ਡਿਵੀਜ਼ਨ ਜੱਜ ਸਨ। ਇਸ ਤੋਂ ਇਲਾਵਾ ਇੱਕ ਜੱਜ ਫੈਮਿਲੀ ਅਦਾਲਤ ਵਿੱਚ ਤੈਨਾਤ ਹਨ। ਇਸੇ ਤਹਿਤ ਅੱਜ ਡੇਰਾਬੱਸੀ ਸਬ ਡਿਵੀਜ਼ਨ ਵਿੱਚ ਇੱਕ ਹੋਰ ਨਵੇਂ ਜੱਜ ਦੀ ਤੈਨਾਤੀ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਨੇ ਦੱਸਿਆ ਕਿ ਸੁਦੀਪਾ ਕੌਰ ਨੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਵਿੱਚ ਨਵੇਂ ਜੱਜ ਵਜੋਂ ਅਹੁਦਾ ਸੰਭਾਲ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਡੇਰਾਬੱਸੀ ਅਦਾਲਤ ਵਿੱਚ ਹੁਣ 10 ਮਹਿਲਾ ਜੱਜ ਹਨ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਅਤੇ ਉਨ੍ਹਾਂ ਦੀ ਸਮੂਹ ਟੀਮ ਨੇ ਨਵੇਂ ਆਏ ਜੱਜ ਦਾ ਸਵਾਗਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਡੇਰਾਬੱਸੀ ਵਿੱਚ 10 ਜੱਜ ਔਰਤਾਂ ਦਾ ਹੋਣਾ ਬਹੁਤ ਮਾਣ ਵਾਲੀ ਗੱਲ ਹੈ ਅਤੇ ਸੂਬੇ ਭਰ ਵਿੱਚ ਡੇਰਾਬੱਸੀ ਹੀ ਅਜਿਹਾ ਸਟੇਸ਼ਨ ਹੋਵੇਗਾ ਜਿੱਥੇ ਜ਼ਿਆਦਾਤਰ ਜੁਡੀਸ਼ਲ ਅਫਸਰ ਔਰਤਾਂ ਹਨ। ਇਹ ਆਪਣੇ ਆਪ ਵਿੱਚ ਨਾਰੀ ਸ਼ਕਤੀ ਦਾ ਪ੍ਰਤੀਕ ਹੈ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਐਗਜ਼ਿਕਿਊਟਿਵ ਮੈਂਬਰਾਂ ਵੱਲੋਂ ਜੱਜ ਨੂੰ ਡਾਇਰੈਕਟਰੀ ਵੀ ਭੇਟ ਕੀਤੀ ਗਈ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਰਾਮ ਧੀਮਾਨ, ਜਨਰਲ ਸਕੱਤਰ ਇੰਦਰਪਾਲ ਸਿੰਘ ਖਾਰੀ, ਜੁਆਇੰਟ ਸਕੱਤਰ ਸੀਮਾ ਧੀਮਾਨ, ਕੈਸ਼ੀਅਰ ਹਰਪ੍ਰੀਤ ਸਿੰਘ ਸੈਣੀ, ਲਾਇਬ੍ਰੇਰੀ ਇੰਚਾਰਜ ਸੁੱਚਾ ਸਿੰਘ ਮੌਜੂਦ ਸਨ।

