ਨਗਰ ਕੌਂਸਲ ਨੇ ਦਰੱਖ਼ਤਾਂ ’ਤੇ ਕੁਹਾੜਾ ਚਲਾਇਆ
ਇੱਥੋਂ ਦੇ ਸ਼ਿਵਪੁਰੀ ਮੁਹੱਲੇ ਵਿੱਚ ਨਗਰ ਕੌਂਸਲ ਵੱਲੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਖੇਤਰ ਵਿੱਚੋਂ ਹਰੇ ਭਰੇ ਦਰੱਖ਼ਤ ਵੱਢਣ ਦਾ ਮਾਮਲਾ ਅੱਜ ਭਖ ਗਿਆ। ਸਥਾਨਕ ਲੋਕਾਂ ਨੇ ਹਰੇ ਭਰੇ ਦਰੱਖ਼ਤਾਂ ਨੂੰ ਕੱਟਣ ’ਤੇ ਰੋਸ ਪ੍ਰਗਟਾਉਂਦੇ ਇਸ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ।...
ਇੱਥੋਂ ਦੇ ਸ਼ਿਵਪੁਰੀ ਮੁਹੱਲੇ ਵਿੱਚ ਨਗਰ ਕੌਂਸਲ ਵੱਲੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਖੇਤਰ ਵਿੱਚੋਂ ਹਰੇ ਭਰੇ ਦਰੱਖ਼ਤ ਵੱਢਣ ਦਾ ਮਾਮਲਾ ਅੱਜ ਭਖ ਗਿਆ। ਸਥਾਨਕ ਲੋਕਾਂ ਨੇ ਹਰੇ ਭਰੇ ਦਰੱਖ਼ਤਾਂ ਨੂੰ ਕੱਟਣ ’ਤੇ ਰੋਸ ਪ੍ਰਗਟਾਉਂਦੇ ਇਸ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਮਾਮਲਾ ਭਖਣ ’ਤੇ ਜੰਗਲਾਤ ਵਿਭਾਗ ਨੇ ਮੌਕੇ ’ਤੇ ਪਹੁੰਚ ਕੇ ਦਰੱਖ਼ਤਾਂ ਦੀ ਕਟਾਈ ਬੰਦ ਕਰਵਾ ਦਿੱਤੀ। ਜਾਣਕਾਰੀ ਅਨੁਸਾਰ ਸ਼ਿਵਪੁਰੀ ਮੁਹੱਲੇ ਵਿੱਚ ਨਗਰ ਕੌਂਸਲ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਿਤ ਹੈ। ਇਸ ਦੇ ਆਲੇ ਦੁਆਲੇ ਚਾਰਦੀਵਾਰੀ ਹੋਈ ਹੈ। ਇਸ ਦੇ ਅੰਦਰ ਤਕਰੀਬਨ ਦੋ ਦਰਜਨ ਦੇ ਕਰੀਬ ਹਰੇ ਭਰੇ ਦਰਖ਼ਤ ਖੜ੍ਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਦਰਖ਼ਤ ਸਥਾਨਕ ਲੋਕਾਂ ਨੇ ਲੰਮੇ ਸਮੇਂ ਤੋਂ ਚੰਗੀ ਤਰ੍ਹਾਂ ਦੇਖ ਰੇਖ ਕਰ ਪਾਲੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਰੱਖ਼ਤਾਂ ਨਾਲ ਉਹ ਲੋਕ ਭਾਵਾਤਮਕ ਤੌਰ ’ਤੇ ਜੁੜੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਨੇ ਬਿਨਾਂ ਕਿਸੇ ਮਨਜ਼ੂਰੀ ਅਤੇ ਸਥਾਨਕ ਲੋਕਾਂ ਨੂੰ ਦੱਸੇ ਇਨ੍ਹਾਂ ਦਰੱਖ਼ਤਾਂ ਨੂੰ ਕੱਟਣ ਦਾ ਠੇਕਾ ਦੇ ਦਿੱਤਾ। ਸਥਾਨਕ ਲੋਕਾਂ ਨੇ ਰੋਸ ਪ੍ਰਗਟਾਇਆ ਕਿ ਹਾਈ ਕੋਰਟ ਨੇ ਲੰਘੇ ਦਿਨੀਂ ਪੂਰੇ ਪੰਜਾਬ ਵਿੱਚ ਹਰੇ ਭਰੇ ਦਰਖ਼ਤਾਂ ਨੂੰ ਕੱਟਣ ’ਤੇ ਰੋਕ ਲਾ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਲੰਘੇ ਦਿਨੀਂ ਐਰੋ ਸਿਟੀ ਰੋਡ ’ਤੇ 250 ਦਰੱਖ਼ਤ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਵੱਲੋਂ ਮਾਮਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ’ਤੇ ਅਦਾਲਤ ਨੇ ਸੁਣਵਾਈ ਕਰਦਿਆਂ ਪੂਰੇ ਸੂਬੇ ਵਿੱਚ ਦਰਖ਼ਤਾਂ ਦੀ ਕਟਾਈ ਤੇ ਰੋਕ ਲਾ ਦਿੱਤੀ ਸੀ। ਮੌਕੇ ’ਤੇ ਦਰੱਖ਼ਤਾਂ ਦੀ ਕਟਾਈ ਕਰ ਰਹੇ ਠੇਕੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਕੌਂਸਲ ਦੀ ਖੁੱਲ੍ਹੀ ਬੋਲੀ ਵਿੱਚ ਇਸ ਦਾ ਠੇਕਾ ਲਿਆ ਸੀ ਜਿਸ ਤੋਂ ਬਾਅਦ ਕਟਾਈ ਕੀਤੀ ਜਾ ਰਹੀ ਸੀ।
ਕੌਂਸਲ ਨੇ ਜੰਗਲਾਤ ਵਿਭਾਗ ਤੋਂ ਦਰੱਖ਼ਤ ਵੱਢਣ ਦੀ ਮਨਜ਼ੂਰੀ ਲਈ ਸੀ
ਜੰਗਲਾਤ ਵਿਭਾਗ ਦੇ ਅਫਸਰ ਜੈ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਉਨ੍ਹਾਂ ਤੋਂ ਦਰੱਖ਼ਤਾਂ ਦੀ ਮਨਜ਼ੂਰੀ ਲਈ ਗਈ ਸੀ ਪਰ ਮਨਜ਼ੂਰੀ ਲੈਣ ਮਗਰੋਂ ਹਾਈ ਕੋਰਟ ਵੱਲੋਂ ਪੂਰੇ ਸੂਬੇ ਵਿੱਚ ਇਕ ਮਾਮਲੇ ਦੀ ਸੁਣਵਾਈ ਦੌਰਾਨ ਦਰੱਖ਼ਤਾਂ ਦੀ ਕਟਾਈ ’ਤੇ ਰੋਕ ਲਾ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਨਿਯਮ ਮੁਤਾਬਕ ਦਰੱਖ਼ਤ ਨਹੀਂ ਕੱਟੇ ਜਾ ਸਕਦੇ ਸੀ। ਉਨ੍ਹਾਂ ਨੂੰ ਸੂਚਨਾ ਮਿਲਣ ਮਗਰੋਂ ਉਹ ਮੌਕੇ ’ਤੇ ਪਹੁੰਚ ਕੇ ਦਰੱਖ਼ਤਾਂ ਦੀ ਕਟਾਈ ਦਾ ਕੰਮ ਬੰਦ ਕਰਵਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਾਲੇ ਦੋ ਦਰਜਨ ਦਰੱਖ਼ਤਾਂ ਵਿੱਚੋਂ ਪੰਜ ਦਰਖ਼ਤ ਕੱਟੇ ਗਏ ਸੀ।

