‘ਮੱਤਦਾਤਾ ਪੁੱਛਦਾ ਹੈ’ ਵਿੱਚ ਉੱਠਿਆ ਪਿੰਡਾਂ ਦੇ ਵਿਕਾਸ ਦਾ ਮੁੱਦਾ

ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੱਖ-ਵੱਖ ਮੁੱਦਿਆਂ ’ਤੇ ਭਾਜਪਾ ਪ੍ਰਧਾਨ ਨੂੰ ਘੇਰਿਆ

‘ਮੱਤਦਾਤਾ ਪੁੱਛਦਾ ਹੈ’ ਵਿੱਚ ਉੱਠਿਆ ਪਿੰਡਾਂ ਦੇ ਵਿਕਾਸ ਦਾ ਮੁੱਦਾ

ਕਰਾਫੈੱਡ ਵੱਲੋਂ ਕਰਵਾਏ ਗਏ ‘ਮੱਤਦਾਤਾ ਪੁੱਛਦਾ ਹੈ’ ਪ੍ਰੋਗਰਾਮ ਦੌਰਾਨ ਹਾਜ਼ਰ ਸ਼ਹਿਰ ਦੀਆਂ ਸਿਆਸੀ ਪਾਰਟੀਆਂ ਦੇ ਆਗੂ। -ਫੋਟੋ: ਪ੍ਰਦੀਪ ਤਿਵਾੜੀ

ਮੁਕੇਸ਼ ਕੁਮਾਰ

ਚੰਡੀਗੜ੍ਹ, 28 ਨਵੰਬਰ

ਚੰਡੀਗੜ੍ਹ ਰੈਜ਼ੀਡੈਂਟਸ ਐਸੋਸੀਏਸ਼ਨਸ ਵੈੱਲਫੇਅਰ ਫੈਡਰੇਸ਼ਨ (ਕਰਾਫੈੱਡ) ਵੱਲੋਂ ਅੱਜ ਇੱਥੇ ਚੰਡੀਗੜ੍ਹ ਕਲੱਬ ਵਿੱਚ ‘ਮੱਤਦਾਤਾ ਪੁੱਛਦਾ ਹੈ’ ਪ੍ਰਗਰਾਮ ਕਰਵਾਇਆ ਗਿਆ, ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂ ਇੱਕੋ ਪਲੇਟਫਾਰਮ ’ਤੇ ਇਕੱਠੇ ਹੋਏ। ਇਨ੍ਹਾਂ ਆਗੂਆਂ ਨੇ ਸ਼ਹਿਰ ਦੀਆਂ ਵੱਖ-ਵੱਖ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਇਸ ਰੂ-ਬ-ਰੂ ਪ੍ਰੋਗਰਾਮ ਵਿੱਚ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਅਰੁਣ ਸੂਦ, ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗੱਠਜੋੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ, ਆਮ ਆਦਮੀ ਪਾਰਟੀ ਵੱਲੋਂ ਪ੍ਰੇਮ ਗਰਗ ਅਤੇ ਕਾਂਗਰਸ ਵੱਲੋਂ ਪਵਨ ਸ਼ਰਮਾ ਸ਼ਾਮਲ ਹੋਏ।

ਪ੍ਰੋਗਰਾਮ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਭਾਜਪਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਰੁਣ ਸੂਦ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਨਾਲ ਸਬੰਧੀ ਸਵਾਲਾਂ ਦੀ ਬੁਛਾੜ ਕਰ ਦਿੱਤੀ। ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਅਤੇ ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਭਾਜਪਾ ਪ੍ਰਧਾਨ ਅਰੁਣ ਸੂਦ ਨੂੰ ਸ਼ਹਿਰ ਦੇ ਪਿੰਡਾਂ ਦੇ ਵਿਕਾਸ ਬਾਰੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਅਧੀਨ ਪੈਂਦੇ ਪਿੰਡ ਬੁਟੇਰਲਾ, ਅਟਾਵਾ ਅਤੇ ਬਡਹੇੜੀ ਨੂੰ ਛੱਡ ਕੇ ਸ਼ਹਿਰ ਦੇ ਕਿਸੇ ਵੀ ਪਿੰਡ ਵਿਚ ਵਿਕਾਸ ਦੇ ਨਾਂ ’ਤੇ ਨਿਗਮ ਨੇ ਇੱਕ ਇੱਟ ਤੱਕ ਨਹੀਂ ਰੱਖੀ। ਉਨ੍ਹਾਂ ਕਿਹਾ ਕਿ ਸਭ ਤੋਂ ਮਾੜਾ ਹਾਲ ਪ੍ਰਸ਼ਾਸਨ ਵੱਲੋਂ ਲਗਪਗ ਢਾਈ ਸਾਲ ਪਹਿਲਾਂ ਨਿਗਮ ਹਵਾਲੇ ਕੀਤੇ ਗਏ 13 ਪਿੰਡਾਂ ਦਾ ਹੈ। ਨਿਗਮ ਵਿੱਚ ਇਨ੍ਹਾਂ ਪਿੰਡਾਂ ਦਾ ਕੋਈ ਨੁਮਾਇੰਦਾ ਨਾ ਹੋਣ ਕਰ ਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਸਰਕਾਰੀ ਕਾਰਜਾਂ ਲਈ ਵੀ ਤਰਸਨਾ ਪੈ ਰਿਹਾ ਹੈ।

ਚੰਡੀਗੜ੍ਹ ਕਾਂਗਰਸ ਵੱਲੋਂ ਪ੍ਰੋਗਰਾਮ ਵਿਚ ਸ਼ਾਮਲ ਹੋਏ ਪਵਨ ਕੁਮਾਰ ਸ਼ਰਮਾ ਨੇ ਭਾਜਪਾ ਪ੍ਰਧਾਨ ਅਰੁਣ ਸੂਦ ਨੂੰ ਸ਼ਹਿਰ ਵਿੱਚ ਲਾਵਾਰਿਸ ਗਊਆਂ ਅਤੇ ਡੱਡੂ ਮਾਜਰਾ ਡੰਪਿੰਗ ਗਰਾਊਂਡ ਦੀ ਸਮੱਸਿਆ ਬਾਰੇ ਸਵਾਲ ਕੀਤੇ। ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਅਰੁਣ ਸੂਦ ਨੇ ਕਿਹਾ ਕਿ ਡੰਪਿੰਗ ਗਰਾਊਂਡ ਦੀ ਸਮੱਸਿਆ ਕਾਂਗਰਸ ਪਾਰਟੀ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦੇ ਕੂੜਾ ਪ੍ਰਬੰਧਨ ਲਈ ਕੋਈ ਠੋਸ ਕਾਰਜ ਅਤੇ ਯੋਜਨਾ ਲਾਗੂ ਕੀਤੀ ਹੁੰਦੀ ਤਾਂ ਅੱਜ ਇੱਥੇ ਡੱਡੂ ਮਾਜਰਾ ਵਿੱਚ ਇਹ ਕੂੜੇ ਦਾ ਪਹਾੜ ਨਹੀਂ ਬਣਦਾ।

ਸ੍ਰੀ ਸੂਦ ਨੇ ਕਿਹਾ ਕਿ ਇਹ ਸਮੱਸਿਆ ਕੁੱਝ ਦਿਨਾਂ ਵਿੱਚ ਹੱਲ ਹੋਣ ਵਾਲੀ ਨਹੀਂ ਹੈ ਬਲਕਿ ਇਸ ਦੇ ਨਿਪਟਾਰੇ ਲਈ ਨਗਰ ਨਿਗਮ ਨੇ ਇੱਕ ਆਧੁਨਿਕ ਗਾਰਬੇਜ ਪ੍ਰੋਸੈਸਿੰਗ ਪਲਾਂਟ ਲਗਵਾਉਣ ਦੀ ਯੋਜਨਾ ਬਣਾਈ ਹੋਈ ਹੈ। ਇਸ ਪਲਾਂਟ ਦੀ ਸਮਰੱਥਾ 600 ਟਨ ਕੂੜਾ ਰੋਜ਼ਾਨਾ ਪ੍ਰੋਸੈੱਸ ਕਰਨ ਦੀ ਹੈ, ਜਦੋਂ ਕਿ ਸ਼ਹਿਰ ਵਿਚੋਂ ਰੋਜ਼ਾਨਾ ਲਗਪਗ 500 ਟਨ ਕੂੜਾ ਨਿਕਲਦਾ ਹੈ। ਇਸ ਪਲਾਂਟ ਦੇ ਲੱਗਣ ਤੋਂ ਬਾਅਦ ਡੱਡੂ ਮਾਜਰਾ ਡੰਪਿੰਗ ਗਰਾਊਂਡ ਵਿੱਚ ਲੱਗਿਆ ਕੂੜੇ ਦਾ ਢੇਰ ਛੇਤੀ ਹੀ ਖਤਮ ਹੋ ਜਾਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦੌਰਾਨ ਹਾਊਸਿੰਗ ਬੋਰਡ ਦੇ ਅਲਾਟੀਆਂ ਵੱਲੋਂ ਲੋੜ ਅਨੁਸਾਰ ਕੀਤੀਆਂ ਗਈਆਂ ਉਸਾਰੀਆਂ ਰੈਗੂਲਰ ਕਰਵਾਉਣ ਨੂੰ ਲੈ ਕੇ ਅਲਾਟੀਆਂ ਵੱਲੋਂ ਕੀਤੀ ਜਾ ਰਹੀ ਜੱਦੋ-ਜਹਿਦ ਬਾਰੇ ਸੂਦ ਨੇ ਕਿਹਾ ਕਿ ਇਸ ਸਮੱਸਿਆ ਦਾ ਛੇਤੀ ਹੀ ਕੋਈ ਠੋਸ ਹੱਲ ਨਿਕਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੇ ਨਾਲ ਗੱਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਲਾਹਕਾਰ ਨੂੰ ਦੱਸਿਆ ਗਿਆ ਸੀ ਕਿ ਹਾਊਸਿੰਗ ਬੋਰਡ ਦੇ ਸ਼ਹਿਰ ਵਿੱਚ ਲਗਪਗ 60 ਹਜਾਰ ਫਲੈਟ ਹਨ ਅਤੇ ਇਨ੍ਹਾਂ ਫਲੈਟਾਂ ਦੇ ਅਲਾਟੀਆਂ ਨੇ ਸਮੇਂ ਦੇ ਨਾਲ ਆਪਣੇ ਪਰਿਵਾਰ ਦੀਆਂ ਵਧ ਰਹੀਆਂ ਜ਼ਰੂਰਤਾਂ ਅਨੁਸਾਰ ਉਸਾਰੀਆਂ ਅਤੇ ਬਦਲਾਅ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਹਾਊਸਿੰਗ ਬੋਰਡ ਵੱਲੋਂ ਇੱਕ ਨਵੀਂ ਕਮੇਟੀ ਬਣਾਈ ਗਈ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਸ ਕਮੇਟੀ ਵੱਲੋਂ ਹਾਊਸਿੰਗ ਬੋਰਡ ਦੇ ਹਜ਼ਾਰਾਂ ਅਲਾਟੀਆਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

ਕਰਾਫੈੱਡ ਦੇ ਚੇਅਰਮੈਨ ਹਿਤੇਸ਼ ਪੂਰੀ ਨੇ ਦੱਸਿਆ ਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨਾਲ ਇੱਕ ਪਲੇਟਫਾਰਮ ’ਤੇ ਰੂ-ਬ-ਰੂ ਹੋਕੇ ਸਵਾਲ-ਜਵਾਬ ਕਰਨ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ। ਪ੍ਰੋਗਰਾਮ ਦੌਰਾਨ ਕਰਾਫੈੱਡ ਵੱਲੋਂ ਜਨਰਲ ਸਕੱਤਰ ਰਜਤ ਮਲਹੋਤਰਾ ਤੇ ਰਮੇਸ਼ ਘਈ ਅਤੇ ਬੁਲਾਰੇ ਡਾ. ਅਨੀਸ਼ ਗਰਗ ਸਮੇਤ ਸ਼ਹਿਰ ਦੀਆਂ ਵੱਡੀ ਗਿਣਤੀ ਵੱਖ-ਵੱਖ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਹਾਜ਼ਰ ਸਨ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਚੰਡੀਗੜ੍ਹ ਭਾਜਪਾ ਦੇ ਦਫ਼ਤਰ ਪਹੁੰਚੇ

ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਸੂਚਨਾ ਤੇ ਪ੍ਰਸਾਰਣ ਅਤੇ ਖੇਡ ਤੇ ਯੁਵਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਲਈ ਪ੍ਰਚਾਰ ਕਰਨ ਵਿੱਚ ਰੁੱਝੇ ਰਹਿਣਗੇ। ਅਨੁਰਾਗ ਠਾਕੁਰ ਐਤਵਾਰ ਨੂੰ ਚੰਡੀਗੜ੍ਹ ਵਿਚ ਸਨ ਅਤੇ ਇਸ ਦੌਰਾਨ ਉਹ ਭਾਜਪਾ ਚੰਡੀਗੜ੍ਹ ਦੇ ਦਫਤਰ ‘ਕਮਲਮ’ ਵੀ ਪਹੁੰਚੇ। ਇਸ ਦੌਰਾਨ ਉਨ੍ਹਾਂ ਸੂਬਾ ਪ੍ਰਧਾਨ ਅਰੁਣ ਸੂਦ ਨਾਲ ਮੁਲਾਕਾਤ ਕਰ ਕੇ ਚੋਣ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਹੌਸਲਾ ਵਧਾਇਆ। ਚੰਡੀਗੜ੍ਹ ਭਾਜਪਾ ਦੇ ਬੁਲਾਰੇ ਕੈਲਾਸ਼ ਜੈਨ ਨੇ ਦੱਸਿਆ ਕਿ ਅਨੁਰਾਗ ਠਾਕੁਰ ਦੇ ਚੋਣ ਪ੍ਰਚਾਰ ਵਿਚ ਸ਼ਾਮਲ ਹੋਣ ਨਾਲ ਭਾਜਪਾ ਨੂੰ ਕਾਫੀ ਮਜ਼ਬੂਤੀ ਮਿਲੇਗੀ। ਉਨ੍ਹਾਂ ਨੂੰ ਮਿਲਣ ਤੋਂ ਬਾਅਦ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਸਾਰਿਆਂ ਨੂੰ ਯਕੀਨ ਹੈ ਕਿ ਇਸ ਵਾਰ ਪਾਰਟੀ ਨਗਰ ਨਿਗਮ ਦੀਆਂ ਸਾਰੀਆਂ ਸੀਟਾਂ ’ਤੇ ਇਤਿਹਾਸਕ ਜਿੱਤ ਦਰਜ ਕਰੇਗੀ| ਇਸ ਮੌਕੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਚੰਡੀਗੜ੍ਹ ਬਹੁਤ ਖੂਬਸੂਰਤ ਸ਼ਹਿਰ ਹੈ ਅਤੇ ਉਨ੍ਹਾਂ ਨੂੰ ਇਸ ਸ਼ਹਿਰ ਨਾਲ ਬਹੁਤ ਪਿਆਰ ਹੈ। ਇੱਥੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਥੋਂ ਦੇ ਬਹੁਤ ਸਾਰੇ ਵਸਨੀਕ ਉਨ੍ਹਾਂ ਦੇ ਸੰਪਰਕ ਵਿੱਚ ਵੀ ਹਨ। ਉਹ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨਾਲ ਸੁੱਖ-ਦੁੱਖ ਵਿੱਚ ਇਕੱਠੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਾਸੀਆਂ ਨੂੰ ਜਦੋਂ ਵੀ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਪਈ ਤਾਂ ਉਹ ਜ਼ਰੂਰ ਹਾਜ਼ਰ ਹੋਣਗੇ। ਸ੍ਰੀ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਹੀ ਨਹੀਂ ਸਗੋਂ ਪੂਰੇ ਚੰਡੀਗੜ੍ਹ ਦੇ ਲੋਕਾਂ ਦਾ ਪਿਆਰ ਹਮੇਸ਼ਾ ਮਿਲਿਆ ਹੈ ਅਤੇ ਭਵਿੱਖ ਵਿੱਚ ਵੀ ਮਿਲਦਾ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਵਾਰ ਵੀ ਸ਼ਹਿਰ ਦੇ ਲੋਕ ਭਾਜਪਾ ਦੇ ਉਮੀਦਵਾਰਾਂ ਨੂੰ ਜੇਤੂ ਬਣਾਉਣਗੇ ਅਤੇ ਉਨ੍ਹਾਂ ਨੂੰ ਪੂਰਾ ਸਮਰਥਨ ਦੇਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All