ਕੁੜੀਆਂ ਨੇ ਦੋਸਤ ਬੁਲਾ ਕੇ ਨੌਜਵਾਨ ’ਤੇ ਫਾਇਰਿੰਗ ਕਰਵਾਈ

ਕੁੜੀਆਂ ਨੇ ਦੋਸਤ ਬੁਲਾ ਕੇ ਨੌਜਵਾਨ ’ਤੇ ਫਾਇਰਿੰਗ ਕਰਵਾਈ

ਘਟਨਾ ਸਥਾਨ ’ਤੇ ਜਾਂਚ ਕਰਦੀ ਹੋਈ ਪੁਲੀਸ।-ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 4 ਜੁਲਾਈ

ਲੋਹਗੜ੍ਹ ਪਾਰਕ ਵਿੱਚ ਕੁੜੀਆਂ ਨੇ ਮੋਟਰਸਾਈਕਲ ਦੀ ਥੋੜ੍ਹੀ ਜਿਹੀ ਸਾਈਡ ਲੱਗਣ ਤੋਂ ਭੜਕ ਕੇ ਆਪਣੇ ਦੋਸਤਾਂ ਨੂੰ ਬੁਲਾ ਕੇ ਨੌਜਵਾਨ ਦੀ ਮਾਰਕੁੱਟ ਕਰਵਾਈ। ਕੁੜੀਆਂ ਦੀ ਮਦਦ ਲਈ ਪਹੁੰਚੇ ਕਾਰ ਸਵਾਰ ਨੌਜਵਾਨਾਂ ਨੇ ਚਾਰ ਫਾਇਰ ਹਵਾ ਵਿੱਚ ਅਤੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ‘ਤੇ ਫਾਇਰ ਕੀਤਾ ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ।

ਸੂਚਨਾ ਮਿਲਣ ’ਤੇ ਡੀਐੱਸਪੀ ਗੁਰਬਖ਼ਸ਼ੀਸ਼ ਸਿੰਘ ਅਤੇ ਥਾਣਾ ਮੁਖੀ ਗੁਰਵੰਤ ਸਿੰਘ ਨੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ। ਜ਼ਖ਼ਮੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਰੀਆ ਬੰਨਣ ਦਾ ਕੰਮ ਕਰਦਾ ਹੈ ਤੇ ਦੇਰ ਸ਼ਾਮ ਆਪਣੇ ਮੋਟਰਸਾਈਕਲ ‘ਤੇ ਘਰ ਵਾਪਸ ਜਾ ਰਿਹਾ ਸੀ। ਜਦ ਉਹ ਲੋਹਗੜ੍ਹ ਪਾਰਕ ਨੇੜੇ ਪਹੁੰਚਿਆ ਤਾਂ ਉਸ ਦੇ ਮੋਟਰਸਾਈਕਲ ਅੱਗੇ ਅਚਾਨਕ ਤਿੰਨ ਕੁੜੀਆਂ ਅਤੇ ਇੱਕ ਨੌਜਵਾਨ ਆ ਗਿਆ ਜਿਨ੍ਹਾਂ ਨੂੰ ਕੋਈ ਸਾਈਡ ਨਹੀਂ ਲੱਗੀ। ਇਸ ਦੌਰਾਨ ਇੱਕ ਲੜਕੀ ਨੇ ਉਸ ਨੂੰ ਗਾਲ ਕੱਢੀ। ਉਸਨੇ ਗਾਲ ਕੱਢਣ ਦਾ ਕਾਰਨ ਪੁੱਛਿਆ ਤਾਂ ਨੌਜਵਾਨ ਭੜਕ ਗਿਆ। ਇਸ ਦੌਰਾਨ ਕੁੜੀਆਂ ਨੇ ਫੋਨ ਕਰ ਆਪਣੇ ਹੋਰ ਸਾਥੀ ਬੁਲਾ ਲਏ। ਕੁਝ ਮਿੰਟਾਂ ਵਿੱਚ ਕੁਝ ਨੌਜਵਾਨ ਆਏ ਜਿਨ੍ਹਾਂ ਆਉਂਦਿਆਂ ਹੀ ਉਸਦੀ ਮਾਰਕੁੱਟ ਕੀਤੀ ਅਤੇ ਚਾਰ ਫਾਇਰ ਹਵਾ ਵਿੱਚ ਅਤੇ ਇੱਕ ਫਾਇਰ ਉਸ ਵੱਲ ਕੀਤਾ। ਇਸ ਦੌਰਾਨ ਗੋਲੀ ਦੇ ਛਰ੍ਹੇ ਉਸਦੀ ਲੱਤ ’ਤੇ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਡੀਐੱਸਪੀ ਗੁਰਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਗੋਲੀਆਂ ਚਲਾਉਣ ਮਗਰੋਂ ਕਾਰ ਸਵਾਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ ਜਦਕਿ ਤਿੰਨੇ ਕੁੜੀਆਂ ਅਤੇ ਉਨ੍ਹਾਂ ਨਾਲ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All