ਜਲਾਲਪੁਰ-ਬੱਸੀ ਲਿੰਕ ਸੜਕ ਦੀ ਹਾਲਤ ਖ਼ਸਤਾ
ਸਰਬਜੀਤ ਸਿੰਘ ਭੱਟੀ
ਲਾਲੜੂ, 9 ਜੁਲਾਈ
ਪਿੰਡਾਂ ਨੂੰ ਬਨੂੜ ਤੇ ਲਾਲੜੂ ਨਾਲ ਜੋੜਦੀ ਜਲਾਲਪੁਰ-ਬੱਸੀ ਲਿੰਕ ਸੜਕ ਬੇਹਦ ਖਸਤਾ ਹਾਲ ਵਿੱਚ ਹੈ। ਇਸ ਸਬੰਧੀ ਵਾਰਡ ਨੰਬਰ 16 ਦੇ ਕਾਂਗਰਸੀ ਕੌਂਸਲਰ ਯੁਗਵਿੰਦਰ ਸਿੰਘ ਰਾਠੌਰ, ਨੌਜਵਾਨ ਆਗੂ ਮਨਜੀਤ ਸਿੰਘ ਜਲਾਲਪੁਰ, ਸਾਬਕਾ ਸਰਪੰਚ ਜਨਕ ਸਿੰਘ ਰਾਣਾ , ਰਣਬੀਰ ਸਿੰਘ, ਬੰਤ ਸਿੰਘ, ਗੁਰਨਾਮ ਸਿੰਘ, ਪ੍ਰਿਥਵੀ ਰਾਜ, ਰਾਮ ਕਰਨ ਰਾਣਾ, ਸੰਦੀਪ ਸਿੰਘ, ਪਰਦੀਪ ਸਿੰਘ, ਕਪੂਰ ਸਿੰਘ, ਸੋਮਨਾਥ ਭਗਤ, ਗਿਆਨ ਸਿੰਘ, ਮਹਿੰਦਰ ਸਿੰਘ, ਰਾਮ ਸਿੰਘ ਜਲਾਲਪੁਰ, ਯੋਗਿੰਦਰ ਸਿੰਘ ਤੇ ਰੋਹਤਾਸ਼ ਸ਼ਰਮਾ ਨੇ ਦੱਸਿਆ ਕਿ ਉਂਝ ਤਾਂ ਇਹ ਸੜਕ ਲੰਮੇ ਸਮੇਂ ਤੋਂ ਟੁੱਟੀ ਪਈ ਹੈ, ਹੁਣ ਇਹ ਸੜਕ ਇਕ ਤਰ੍ਹਾਂ ਨਾਲ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਸਬੰਧੀ ਕਈ ਵਾਰ ਸਿਆਸਤਦਾਨਾਂ ਤੇ ਅਧਿਕਾਰੀਆਂ ਨੂੰ ਇਸ ਸੜਕ ਦੀ ਹਾਲਤ ਸਬੰਧੀ ਜਾਣੂ ਕਰਵਾ ਚੁੱਕੇ ਹਨ। ਇਲਾਕਾ ਵਾਸੀਆਂ ਨੇ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਉਣ ਦੀ ਮੰਗ ਕੀਤੀ ਹੈ ।
ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫ਼ਸਰ ਅੰਮ੍ਰਿਤ ਲਾਲ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਵਿਚਾਰ ਅਧੀਨ ਹੈ ਅਤੇ ਮਾਮਲੇ ਵਿੱਚ ਕਾਰਵਾਈ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਸੜਕ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ।