ਸੀਤ ਲਹਿਰ ਨੇ ਲੋਕਾਂ ਨੂੰ ਕਾਂਬਾ ਛੇੜਿਆ
ਚੰਡੀਗੜ੍ਹ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਅੱਜ ਸੰਘਣੀ ਧੁੰਦ ਅਤੇ ਸੀਤ ਲਹਿਰ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਗਿਆ। ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿੱਚ ਠੰਢ ਕਾਰਨ ਸਾਰਾ ਦਿਨ ਲੋਕਾਂ ਨੂੰ ਕੰਬਣੀ ਛਿੜੀ ਰਹੀ ਅਤੇ ਲੋਕ ਆਪਣੇ ਘਰਾਂ ਤੋਂ ਘੱਟ ਹੀ ਬਾਹਰ...
ਚੰਡੀਗੜ੍ਹ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਅੱਜ ਸੰਘਣੀ ਧੁੰਦ ਅਤੇ ਸੀਤ ਲਹਿਰ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਗਿਆ। ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿੱਚ ਠੰਢ ਕਾਰਨ ਸਾਰਾ ਦਿਨ ਲੋਕਾਂ ਨੂੰ ਕੰਬਣੀ ਛਿੜੀ ਰਹੀ ਅਤੇ ਲੋਕ ਆਪਣੇ ਘਰਾਂ ਤੋਂ ਘੱਟ ਹੀ ਬਾਹਰ ਨਿਕਲੇ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਤਾਪਮਾਨ ਵਿੱਚ ਦਿਨ ਸਮੇਂ ਆਮ ਨਾਲੋਂ 3.2 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜਦੋਂ ਕਿ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਰਿਹਾ। ਹਾਲਾਂਕਿ ਮੁਹਾਲੀ ਵਿੱਚ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਚਕੂਲਾ ਵਿੱਚ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਰਿਹਾ। ਸਿਟੀ ਬਿਊਟੀਫੁੱਲ ਵਿੱਚ ਅੱਜ ਸਵੇਰ ਸਮੇਂ ਸੰਘਣੀ ਧੁੰਦ ਕਰਕੇ ਸੜਕਾਂ ’ਤੇ ਦੁੂਰ ਤੱਕ ਦਿਸਣ ਹੱਦ ਨਾ ਬਰਾਬਰ ਹੀ ਸੀ, ਜਿਸ ਕਰ ਕੇ ਲੋਕਾਂ ਨੂੰ ਸਵੇਰੇ ਘਰਾਂ ਤੋਂ ਬਾਹਰ ਨਿਕਲਣ ਸਮੇਂ ਧੁੰਦ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਦਿਨ ਚੜ੍ਹਨ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਧੁੱਪ ਖਿੜਨੀ ਸ਼ੁਰੂ ਹੋ ਗਈ ਸੀ, ਪਰ ਠੰਢੀਆਂ ਹਵਾਵਾਂ ਚੱਲਣ ਕਰਕੇ ਲੋਕਾਂ ਨੂੂੰ ਠੰਢ ਤੋਂ ਕੋਈ ਰਾਹਤ ਨਹੀਂ ਮਿਲੀ।
ਦੂਜੇ ਪਾਸੇ ਸ਼ਾਮ ਹੁੰਦਿਆਂ ਹੀ ਮੁੜ ਤੋਂ ਸ਼ਹਿਰ ਵਿੱਚ ਠੰਢ ਨੇ ਜ਼ੋਰ ਫੜ ਲਿਆ ਜਿਸ ਕਰਕੇ ਸ਼ਾਮ ਸਮੇਂ ਹੀ ਸ਼ਹਿਰ ਦੀਆਂ ਸੜਕਾਂ ’ਤੇ ਸੁੰਨ ਪਸਰ ਗਈ। ਮੌਸਮ ਵਿਗਿਆਨੀਆਂ ਨੇ 8 ਤੇ 9 ਜਨਵਰੀ ਨੂੰ ਸ਼ਹਿਰ ਵਿੱਚ ਸੰਘਣੀ ਧੁੰਦ ਤੇ ਸੀਤ ਲਹਿਰ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਤਾਪਮਾਨ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ। ਇਸ ਦੌਰਾਨ ਮੌਸਮ ਵਿਗਿਆਨੀਆਂ ਨੇ 8 ਜਨਵਰੀ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ, ਜਦੋਂ ਕਿ 9 ਤੋਂ 13 ਜਨਵਰੀ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ।

