ਗੁਲਾਬਾਂ ਦੇ ਮੇਲੇ ਲਈ 89.21 ਲੱਖ ਦੇ ਬਜਟ ਨੂੰ ਨਹੀਂ ਮਿਲੀ ਪ੍ਰਵਾਨਗੀ

ਕਰੋਨਾ ਮਹਾਮਾਰੀ ਕਾਰਨ ਮੇਲੇ ਨੂੰ ਸਾਦਗੀ ਨਾਲ ਮਨਾਉਣ ਦਾ ਫ਼ੈਸਲਾ; ਸਫ਼ਾਈ ਕਰਮਚਾਰੀਆਂ, ਡਾਕਟਰਾਂ ਤੇ ਕੌਂਸਲਰਾਂ ਦਾ ਹੋਵੇਗਾ ਸਨਮਾਨ

ਗੁਲਾਬਾਂ ਦੇ ਮੇਲੇ ਲਈ 89.21 ਲੱਖ ਦੇ ਬਜਟ ਨੂੰ ਨਹੀਂ ਮਿਲੀ ਪ੍ਰਵਾਨਗੀ

ਨਗਰ ਨਿਗਮ ਦੀ ਮੀਟਿੰਗ ਦੌਰਾਨ ਬਹਿਸਦੇ ਹੋਏ ਕੌਂਸਲਰ। -ਫੋਟੋ: ਨਿਤਿਨ ਮਿੱਤਲ

ਆਤਿਸ਼ ਗੁਪਤਾ
ਚੰਡੀਗੜ੍ਹ, 27 ਜਨਵਰੀ

ਚੰਡੀਗੜ੍ਹ ਦੇ ਨਵੇਂ ਮੇਅਰ ਰਵੀਕਾਂਤ ਸ਼ਰਮਾ ਦੀ ਅਗਵਾਈ ਹੇਠ ਨਗਰ ਨਿਗਮ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਹੋਈ। ਮੀਟਿੰਗ ਵਿੱਚ ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਾਸੀਆਂ ’ਤੇ ਨਵਾਂ ਆਰਥਿਕ ਬੋਝ ਨਹੀਂ ਪਾਇਆ ਜਾਵੇਗਾ ਅਤੇ ਸਾਬਕਾ ਮੇਅਰ ਦੇ ਸਮੇਂ ਸ਼ੁਰੂ ਕੀਤੇ ਗਏ ਕੰਮਾਂ ਨੂੰ ਹੁਣ ਪੂਰਾ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਕੂੜਾ ਚੁੱਕਣ ਦੇ ਮਾਮਲੇ ’ਤੇ ਭਖਵੀਂ ਬਹਿਸ ਹੋਈ। ਨਿਗਮ ਦੀ ਮੀਟਿੰਗ ਵਿੱਚ ਫਰਵਰੀ ਮਹੀਨੇ ਲੱਗਣ ਵਾਲੇ ‘ਰੋਜ਼ ਫੈਸਟੀਵਲ’ ਲਈ 89.21 ਲੱਖ ਰੁਪਏ ਖਰਚੇ ਦੀ ਪ੍ਰਵਾਨਗੀ ਦਾ ਏਜੰਡਾ ਰੱਖਿਆ ਗਿਆ। ਇਸ ਏਜੰਡੇ ਦਾ ਕੌਂਸਲਰਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਵਿੱਤੀ ਸੰਕਟ ਦੇ ਸਮੇਂ ਵਿੱਚ ਰੋਜ਼ ਫੈਸਟੀਵਲ ’ਤੇ ਇਕ ਕਰੋੜ ਰੁਪਏ ਖਰਚ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਨਿਯਮਾਂ ਕਰਕੇ ਇਸ ਮੇਲੇ ਵਿੱਚ ਜ਼ਿਆਦਾ ਲੋਕਾਂ ਨੂੰ ਆਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਸਾਰਿਆਂ ਨੇ ਰੋਜ਼ ਫੈਸਟੀਵਲ ਨੂੰ ਸਧਾਰਨ ਢੰਗ ਨਾਲ ਮਨਾਉਣ ਦਾ ਫ਼ੈਸਲਾ ਲਿਆ। ਇਸੇ ਦੌਰਾਨ ਕੌਂਸਲਰ ਅਰੁਣ ਸੂਦ ਨੇ ਕਿਹਾ ਕਿ ਰੋਜ਼ ਫੈਸਟੀਵਲ ’ਤੇ ਕਰੋੜ ਰੁਪਏ ਖਰਚਣ ਦੀ ਥਾਂ ਛੋਟਾ ਸਮਾਗਮ ਕਰਕੇ ਰੋਜ਼ ਗਾਰਡਨ ਦਾ ਵਿਕਾਸ ਕੀਤਾ ਜਾ ਸਕਦਾ ਹੈ। ਹਾਊਸ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਕੋਵਿਡ-19 ਕਰਕੇ ਲੱਗੀ ਤਾਲਾਬੰਦੀ ਦੌਰਾਨ ਸੇਵਾ ਨਿਭਾਉਣ ਵਾਲੇ ਸਫ਼ਾਈ ਕਰਮਚਾਰੀਆਂ, ਡਾਕਟਰਾਂ ਤੇ ਕੌਂਸਲਰਾਂ ਨੂੰ ਰੋਜ਼ ਗਾਰਡਨ ਵਿੱਚ ਸਨਮਾਨਤ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਗੈਰਬੇਜ ਕੁਲੈਕਟਰਾਂ ਸਬੰਧੀ ਸਚਿਨ ਲੋਹੀਆ ਅਤੇ ਰਾਜੇਸ਼ ਕਾਲੀਆਂ ਵਿੱਚ ਬਹਿਸ ਹੋਈ। ਸ੍ਰੀ ਲੋਹੀਆ ਨੇ ਘਰ-ਘਰ ਵਿੱਚੋਂ ਕੂੜਾ ਚੁੱਕਣ ਵਾਲੇ ਲੋਕਾਂ ਦਾ ਸਮਰਥਨ ਕੀਤਾ ਤਾਂ ਰਾਜੇਸ਼ ਕਾਲੀਆ ਨੇ ਕਿਹਾ ਕਿ ਗਾਰਬੇਜ ਕੁਲੈਕਟਰਾਂ ਦੇ ਨਾਮ ’ਤੇ ਜੋ ਲੋਕ ਧਰਨਾ ਦੇ ਰਹੇ ਹਨ, ਉਹ ਕਾਂਗਰਸ ਦੇ ਲੋਕ ਹਨ। ਉਨ੍ਹਾਂ ਕਿਹਾ ਕਿ ਕੂੜਾ ਚੁੱਕਣ ਵਾਲੇ ਕਰਮਚਾਰੀ ਨਿਗਮ ਅਧੀਨ ਆ ਗਏ ਹਨ ਅਤੇ ਸ਼ਹਿਰ ਵਿੱਚ ਕੂੜਾ ਚੁੱਕਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ ਘਰਾਂ ਵਿੱਚੋਂ ਕੂੜਾ ਚੁੱਕਣ ਦੇ ਢੰਗ ਬਾਰੇ ਵੀ ਚਰਚਾ ਕੀਤੀ ਗਈ ਤਾਂ ਫ਼ੈਸਲਾ ਲਿਆ ਗਿਆ ਕਿ ਸ਼ਹਿਰ ਦੇ ਘਰਾਂ ਵਿੱਚ ਕੁੜਾ ਚੁੱਕਣ ਲਈ ਲਿਫਾਫੇ ਦਿੱਤੇ ਜਾਣਗੇ।

ਐੱਫਐਂਡਸੀਸੀ ਕਮੇਟੀ ਦੇ ਮੈਂਬਰਾਂ ਦੀ ਨਿਰਵਿਰੋਧ ਚੋਣ

ਮੀਟਿੰਗ ਦੌਰਾਨ ਐੱਫਐਂਡਸੀਸੀ ਕਮੇਟੀ ਦੇ ਮੈਂਬਰਾਂ ਦੀ ਨਿਰਵਿਰੋਧ ਚੋਣ ਕੀਤੀ ਗਈ। ਇਨ੍ਹਾਂ ਮੈਂਬਰਾਂ ਵਿੱਚ ਭਾਜਪਾ ਕੌਂਸਲਰ ਸੁਨੀਤਾ ਧਵਨ, ਸਾਬਕਾ ਮੇਅਰ ਰਾਜੇਸ਼ ਕਾਲੀਆ, ਅਨਿਲ ਦੂਬੇ, ਵਿਨੋਦ ਅਗਰਵਾਲ ਅਤੇ ਕਾਂਗਰਸੀ ਕੌਂਸਲਰ ਸਤੀਸ਼ ਕੈਂਥ ਸ਼ਾਮਲ ਹਨ। ਮੀਟਿੰਗ ਦੌਰਾਨ ਜਲ ਸਪਲਾਈ ਅਤੇ ਸੀਵਰੇਜ ਡਿਸਪੋਜ਼ਲ ਕਮੇਟੀ, ਰੋਡ ਕਮੇਟੀ ਅਤੇ ਹਾਊਸ ਟੈਕਸ ਕਮੇਟੀ ਬਣਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਕਮੇਟੀ ਮੈਂਬਰਾਂ ਦੀ ਚੋਣ ਮੇਅਰ ਵੱਲੋਂ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All