ਰਾਮ ਸ਼ਰਨ ਸੂਦ
ਅਮਲੋਹ, 14 ਸਤੰਬਰ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਨਰਸਿੰਗ ਦੇ ਵਿਦਿਆਰਥੀਆਂ ਦਾ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਹੋਰ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਯੂਨੀਵਰਸਿਟੀ ਅਧਿਕਾਰੀਆਂ ਨੇ ਬੌਕਸਰ ਅਤੇ ਪੁਲੀਸ ਦੀ ਮਦਦ ਨਾਲ ਧਰਨਾਕਾਰੀਆਂ ਵਲੋਂ ਯੂਨੀਵਰਸਿਟੀ ਦੇ ਗੇਟ ਨੂੰ ਲਗਾਏ ਤਾਲੇ ਤੋੜ ਕੇ ਮੁਲਾਜ਼ਮਾਂ ਨੂੰ ਅੰਦਰ ਭੇਜ ਦਿੱਤਾ। ਇਸ ਮੌਕੇ ਧੱਕਾ-ਮੁੱਕੀ ਵੀ ਹੋਈ ਅਤੇ 3 ਵਿਦਿਆਰਥਣਾਂ ਨੂੰ ਸਿਵਲ ਹਸਪਤਾਲ ਅਮਲੋਹ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ ਇਕ ਵਿਦਿਆਰਥਣ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਭੇਜ ਦਿੱਤਾ ਜਦੋਂ ਕਿ ਸਰਾਇਆ ਮਨਜੂਰ ਅਤੇ ਬਿਸਮਾ ਅਫਰੋਜ ਅਜੇ ਇਲਾਜ ਅਧੀਨ ਹਨ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਅਮਨਪੂਰਵਕ ਧਰਨੇ ਉਪਰ ਪੁਲੀਸ ਅਤੇ ਬੌਕਸਰਾਂ ਰਾਹੀਂ ਹੱਲਾ ਬੋਲ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਦੋਂ ਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਦੋਸ਼ਾਂ ਦਾ ਖੰਡਨ ਕੀਤਾ। ਗੁੱਸੇ ਵਿਚ ਆਏ ਵਿਦਿਆਰਥੀਆਂ ਨੇ ਬਾਅਦ ਵਿਚ ਯੂਨੀਵਰਸਿਟੀ ਅਧਿਕਾਰੀਆਂ ਅਤੇ ਪੰਜਾਬ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਯੂਨੀਵਰਸਿਟੀ ਅੰਦਰ ਭੰਨ-ਤੋੜ ਵੀ ਕੀਤੀ। ਯੂਨੀਵਰਸਿਟੀ ਕੈਂਪਸ ਪੁਲੀਸ ਛਾਉਣੀ ਵਿਚ ਤਬਦੀਲ ਹੋ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਅੱਜ ਨੈਕ ਦੀ ਟੀਮ ਯੂਨੀਵਰਸਿਟੀ ਜਾਂਚ ਲਈ ਆਈ ਸੀ ਅਤੇ ਜਿਸ ਥਾਂ ਟੀਮ ਅਤੇ ਅਧਿਕਾਰੀ ਬੈਠੇ ਸਨ, ਵਿਦਿਆਰਥੀਆਂ ਨੇ ਉਸ ਗੇਟ ਨੂੰ ਘੇਰਾ ਪਾ ਲਿਆ ਜਿਸ ਕਾਰਨ ਬਾਅਦ ਦੁਪਹਿਰ ਇਨ੍ਹਾਂ ਨੂੰ ਸਖਤ ਸੁਰੱਖਿਆ ਨਾਲ ਬਾਹਰ ਕੱਢਿਆ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਗੁੱਸੇ ਵਿਚ ਆਏ ਵਿਦਿਆਰਥੀਆਂ ਨੇ ਦੋ ਪੁਲੀਸ ਦੀਆਂ ਕਾਰਾਂ ਦੇ ਵੀ ਸ਼ੀਸ਼ੇ ਭੰਨ ਦਿੱਤੇ। ਉਨ੍ਹਾਂ ਦੋਸ਼ ਲਾਇਆ ਕਿ ਉਹ ਲੰਮੇ ਸਮੇਂ ਤੋਂ ਸਿਵਲ ਅਤੇ ਪੁਲੀਸ ਅਧਿਕਾਰੀਆਂ ਪਾਸ ਰੋਜ਼ਾਨਾ ਇਨਸਾਫ਼ ਲਈ ਜਾ ਰਹੇ ਹਨ ਪ੍ਰੰਤੂ ਹੁਣ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ਅਤੇ ਪ੍ਰਸ਼ਾਸਨ ਅਤੇ ਪੁਲੀਸ ਯੂਨੀਵਰਸਿਟੀ ਦਾ ਪੱਖ ਪੂਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਲਜ ਨੇ ਇੰਡੀਅਨ ਨਰਸਿੰਗ ਕੌਂਸਲ ਵਲੋਂ ਅਲਾਟ ਕੀਤੀਆਂ ਸੀਟਾਂ ਨਾਲੋਂ ਵੱਧ ਵਿਦਿਆਰਥੀ ਦਾਖਲ ਕਰਕੇ ਉਨ੍ਹਾਂ ਦਾ ਭਵਿੱਖ ਖਰਾਬ ਕੀਤਾ ਹੈ। ਉਨ੍ਹਾਂ ਦਸਿਆ ਕਿ ਕਾਲਜ ਨੂੰ ਇੰਡੀਅਨ ਨਰਸਿੰਗ ਕੌਂਸਲ ਵੱਲੋਂ 60 ਸੀਟਾਂ ਅਲਾਟ ਹਨ ਪਰ ਕਾਲਜ ਨੇ 187 ਦੇ ਕਰੀਬ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਹੈ। ਕਾਲਜ ਅਧਿਕਾਰੀ ਲਾਲ ਸਿੰਘ ਕਾਲਜ ਦੀ ਡਿਗਰੀ ਦੀ ਪੇਸ਼ਕਸ਼ ਕਰ ਰਹੇ ਹਨ ਜਿਸ ਨੂੰ ਆਈ.ਐਨ.ਸੀ. ਅਤੇ ਕਿਸੇ ਦੂਸਰੇ ਸੂਬੇ ਦੀ ਮਾਨਤਾ ਨਹੀਂ ਜਿਸ ਬਾਰੇ ਉਨ੍ਹਾਂ ਨਰਸਿੰਗ ਕੌਂਸਲ ਦੀ ਵੈੱਬਸਾਈਟ ’ਤੇ ਚੈਕ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਧਿਕਾਰੀ ਉਨ੍ਹਾਂ ਦੀਆਂ ਫੀਸਾਂ ਵਾਪਸ ਕਰਨ ਦੀ ਪੇਸ਼ਕਸ਼ ਕਰ ਰਹੇ ਹਨ ਪਰ ਉਨ੍ਹਾਂ ਨੇ ਆਪਣੇ ਚਾਰ ਸਾਲ ਸੰਸਥਾ ਵਿੱਚ ਕੱਟੇ ਹਨ ਉਹ ਆਪਣੇ ਮਾਪਿਆਂ ਨੂੰ ਕੀ ਦੱਸਣਗੇ। ਉਨ੍ਹਾਂ ਮੰਗ ਕੀਤੀ ਕਿ ਨਰਸਿੰਗ ਕੌਂਸਲ ਤੋਂ ਮਨਜ਼ੂਰ ਕਾਲਜ ਤੋਂ ਉਨ੍ਹਾਂ ਦੀਆਂ ਡਿਗਰੀਆਂ ਦਾ ਪ੍ਰਬੰਧ ਕਰਵਾਇਆ ਜਾਵੇ। ਯੂਨੀਵਰਸਿਟੀ ਅਧਿਕਾਰੀਆਂ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਸਾਰੇ ਦਸਤਾਵੇਜ਼ ਪ੍ਰਸ਼ਾਸਨ ਨੂੰ ਦਿਖਾਏ ਹਨ ਅਤੇ ਵਿਦਿਆਰਥੀਆਂ ਦੀ ਵੀ ਤਸੱਲੀ ਕਰਵਾਉਣ ਦਾ ਯਤਨ ਕੀਤਾ ਹੈ ਅਤੇ ਜਲਦ ਹੀ ਮਸਲਾ ਹੱਲ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਵਿਭਾਗ ਨੂੰ ਲਿਖਤੀ ਪੱਤਰ ਭੇਜ ਕੇ ਸਪਸ਼ਟੀਕਰਨ ਮੰਗਿਆ ਹੈ ਅਤੇ ਜਵਾਬ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਨੀਤ ਸ਼ੇਰਗਿੱਲ ਨੇ ਕਿਹਾ ਕਿ ਪੁਲੀਸ ਵਲੋਂ ਕੋਈ ਲਾਠੀਚਾਰਜ ਨਹੀਂ ਕੀਤਾ ਗਿਆ। ਇਸੇ ਦੌਰਾਨ ਵਿਦਿਆਰਥੀਆਂ ਨੇ ਨਾਭਾ-ਮੰਡੀ ਗੋਬਿੰਦਗੜ੍ਹ ਮੁੱਖ ਮਾਰਗ ਉਪਰ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਜਦੋਂ ਕਿ ਟੈ੍ਫਿਕ ਪੁਲੀਸ ਨੇ ਆਵਾਜਾਈ ਨੂੰ ਬਦਲਵੇਂ ਪ੍ਰਬੰਧਾਂ ਰਾਹੀਂ ਸ਼ੁਰੂ ਕਰਵਾ ਦਿੱਤਾ। ਖਬਰ ਲਿਖੇ ਲਿਖੇ ਜਾਣ ਤਕ ਵਿਦਿਆਰਥੀਆਂ ਦਾ ਧਰਨਾ ਜਾਰੀ ਸੀ।