ਯੂ ਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਟ੍ਰਿਬਿਊਨ ਚੌਕ ’ਤੇ ਫਲਾਈਓਵਰ ਦੀ ਉਸਾਰੀ ਲਈ ਵਿੱਤੀ ਬੋਲੀ 7 ਅਪਰੈਲ ਨੂੰ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਟ੍ਰਿਬਿਊਨ ਫਲਾਈਓਵਰ ਦੀ ਉਸਾਰੀ ਲਈ 247.07 ਕਰੋੜ ਰੁਪਏ ਦੇ ਪ੍ਰਾਜੈਕਟ ’ਚ 12 ਜਣਿਆਂ ਨੇ ਹਿੱਸਾ ਲਿਆ ਪਰ ਸਿਰਫ ਅੱਠ ਜਣੇ ਹੀ ਯੋਗ ਪਾਏ ਗਏ ਹਨ, ਜਿਨ੍ਹਾਂ ਦੀ ਬੋਲੀਆਂ ਮੰਗਲਵਾਰ ਨੂੰ ਖੋਲ੍ਹੀਆਂ ਜਣਗੀਆਂ। ਯੂ ਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਫਲਾਈਓਵਰ ਦੀ ਉਸਾਰੀ ਦਾ ਟੈਂਡਰ ਅਲਾਟ ਹੋਣ ਤੋਂ ਬਾਅਦ, ਛੇ-ਲੇਨ ਫਲਾਈਓਵਰ ਅਤੇ ਅੰਡਰਪਾਸ ’ਤੇ ਕੰਮ ਇੱਕ ਮਹੀਨੇ ਦੇ ਅੰਦਰ ਸ਼ੁਰੂ ਹੋ ਜਾਵੇਗਾ ਤੇ ਇਸ ਨੂੰ 30 ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਟ੍ਰਿਬਿਊਨ ਚੌਕ ਵਿੱਚੋਂ ਰੋਜ਼ਾਨਾ 1.5 ਲੱਖ ਵਾਹਨ ਗੁਜ਼ਰਦੇ ਹਨ। ਇਸ ਲਈ ਪ੍ਰਸ਼ਾਸਨ ਨੇ ਟ੍ਰਿਬਿਊਨ ਚੌਕ ਵਿੱਚੋਂ ਭੀੜ ਨੂੰ ਘਟਾਉਣ ਲਈ ਸਾਲ 2016 ਵਿੱਚ ਰਣਨੀਤੀ ਘੜੀ ਸੀ। ਇਸ ਤੋਂ ਬਾਅਦ ਸਾਲ 2019 ਵਿੱਚ ਫਲਾਈਓਵਰ ਦੀ ਉਸਾਰੀ ਦਾ ਫ਼ੈਸਲਾ ਲਿਆ ਸੀ। ਉਸ ਸਮੇਂ ਫਲਾਈਓਵਰ ਦੀ ਉਸਾਰੀ ’ਤੇ 183.74 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਤਿਆਰ ਕੀਤਾ ਗਿਆ ਸੀ ਹਾਲਾਂਕਿ ਸਮਾਜ ਸੇਵੀ ਕਲੱਬ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਫਲਾਈਓਵਰ ਦੀ ਉਸਾਰੀ ਦਾ ਵਿਰੋਧ ਕੀਤਾ ਸੀ। ਕਲੱਬ ਮੈਂਬਰਾਂ ਦਾ ਕਹਿਣਾ ਸੀ ਕਿ ਫਲਾਈਓਵਰ ਦੀ ਉਸਾਰੀ ਨਾਲ 700 ਦਰੱਖਤ ਕੱਟੇ ਜਾਣਗੇ। ਅਦਾਲਤੀ ਕਾਰਵਾਈ ਦੇ ਚਲਦਿਆਂ ਫਲਾਈਓਵਰ ਦੀ ਉਸਾਰੀ ਦਾ ਕੰਮ 6 ਸਾਲਾਂ ਤੱਕ ਰੁਕਿਆ ਰਿਹਾ। ਹਾਈ ਕੋਰਟ ਵੱਲੋਂ 30 ਅਪਰੈਲ 2024 ਨੂੰ ਸਟੇਅ ਹਟਾ ਦਿੱਤੀ ਸੀ, ਜਿਸ ਤੋਂ ਬਾਅਦ ਯੂ ਟੀ ਪ੍ਰਸ਼ਾਸਨ ਨੇ ਨਵਾਂ ਟੈਂਡਰ ਜਾਰੀ ਕੀਤਾ।

