ਸਰਕਾਰੀ ਸਕੂਲਾਂ ਵਿੱਚ ਦਸ ਹਜ਼ਾਰ ਸੀਟਾਂ ਖਾਲੀ

ਸਰਕਾਰੀ ਸਕੂਲਾਂ ਵਿੱਚ ਦਸ ਹਜ਼ਾਰ ਸੀਟਾਂ ਖਾਲੀ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਜੁਲਾਈ

ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਦੀਆਂ 10 ਹਜ਼ਾਰ ਦੇ ਕਰੀਬ ਸੀਟਾਂ ਖਾਲੀ ਹੋ ਗਈਆਂ ਹਨ। ਅਜਿਹਾ ਕਰੋਨਾਵਾਇਰਸ ਦੇ ਮੱਦੇਨਜ਼ਰ ਤੇ ਪਰਵਾਸੀਆਂ ਦੇ ਆਪਣੇ ਪਿਤਰੀ ਰਾਜਾਂ ਨੂੰ ਕੂਚ ਕਰਨ ਨਾਲ ਹੋਇਆ ਹੈ। ਸਿੱਖਿਆ ਵਿਭਾਗ ਨੇ ਇਨ੍ਹਾਂ ਖਾਲੀ ਸੀਟਾਂ ਦੀ ਅਸਲ ਜਾਣਕਾਰੀ ਲੈਣ ਲਈ ਸਰਵੇਖਣ ਸ਼ੁਰੂ ਕਰ ਦਿੱਤਾ ਹੈ ਜਿਸ ਲਈ ਤਿੰਨ ਕਮੇਟੀਆਂ ਬਣਾਈਆਂ ਗਈਆਂ ਹਨ। ਇਹ ਕਮੇਟੀਆਂ 8 ਜੁਲਾਈ ਤਕ ਸਰਵੇਖਣ ਕਰ ਕੇ ਆਪਣੀ ਰਿਪੋਰਟ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਸੌਂਪਣਗੀਆਂ।    

ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਪਰਵਾਸੀਆਂ ਦੇ ਬੱਚੇ ਪੜ੍ਹਦੇ ਹਨ ਤੇ ਕਰੋਨਾ ਕਾਰਨ ਵੱਡੀ ਗਿਣਤੀ ਵਿਚ ਮਜ਼ਦੂਰ ਤਬਕਾ ਉਤਰ ਪ੍ਰਦੇਸ਼ ਤੇ ਬਿਹਾਰ ਚਲਾ ਗਿਆ ਹੈ। ਇਨ੍ਹਾਂ ਵਿਚੋਂ ਸੀਮਤ ਗਿਣਤੀ ਵਿਚ ਵੀ ਪਰਿਵਾਰਾਂ ਨੇ ਵਾਪਸੀ ਕੀਤੀ ਹੈ ਜਿਸ ਕਰਕੇ ਸਰਕਾਰੀ ਸਕੂਲਾਂ ਵਿਚ ਸੀਟਾਂ ਵੱਡੇ ਪੱਧਰ ’ਤੇ ਖਾਲੀ ਹੋ ਗਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਵਿਭਾਗ ਨੇ ਪਿਛਲੇ ਹਫਤੇ ਹਰ ਸਕੂਲ ਵਿੱਚ ਖਾਲੀ ਹੋਈਆਂ ਸੀਟਾਂ ਦੀ ਜਾਣਕਾਰੀ ਮੰਗੀ ਸੀ ਪਰ ਕਈ ਸਕੂਲਾਂ ਵਲੋਂ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਕਿ ਹਰ ਸਕੂਲ ਦੀ ਕਿਹੜੀ ਕਿਹੜੀ ਜਮਾਤ ਵਿਚ ਅਸਲ ਵਿਚ ਕਿੰਨੀਆਂ ਸੀਟਾਂ ਖਾਲੀ ਹੋਈਆਂ ਹਨ। ਇਸ ਲਈ ਹੁਣ ਵਿਭਾਗ ਨੇ ਤਿੰਨ ਕਮੇਟੀਆਂ ਬਣਾ ਦਿੱਤੀਆਂ ਹਨ ਜੋ ਹਰ ਸਕੂਲ ਵਿਚ ਜਾ ਕੇ ਅਸਲ ਸੀਟਾਂ ਦੇ ਅੰਕੜੇ ਇਕੱਠੇ ਕਰ ਰਹੀਆਂ ਹਨ। ਹਰ ਟੀਮ ਦਾ ਮੁਖੀ ਡਿਪਟੀ ਡਾਇਰੈਕਟਰ ਨੂੰ ਲਾਇਆ ਗਿਆ ਹੈ। ਕਮੇਟੀ ਵਿਚ ਸਕੂਲ ਦੇ ਮੁਖੀਆਂ ਤੇ ਹੋਰ ਅਮਲੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਟੀਮਾਂ ਡਿਪਟੀ ਡਾਇਰੈਕਟਰ ਅਨੂਜੀਤ ਕੌਰ, ਅਲਕਾ ਮਹਿਤਾ ਤੇ ਰਵਿੰਦਰ ਕੌਰ ਦੀ ਅਗਵਾਈ ਹੇਠ ਆਪਣੀ ਰਿਪੋਰਟ ਦੇਣਗੀਆਂ। 

ਮਾਪੇ ਪ੍ਰਾਈਵੇਟ ਤੋਂ ਸਰਕਾਰੀ ਸਕੂਲਾਂ ’ਚ ਬੱਚੇ ਤਬਦੀਲ ਕਰਨ ਦੇ ਚਾਹਵਾਨ

ਇਹ ਵੀ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਮਾਪਿਆਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿਚੋਂ ਕੱਢਣ ਦਾ ਮਨ ਬਣਾ ਲਿਆ ਹੈ ਤੇ ਉਹ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਦਾਖਲ ਕਰਵਾਉਣ ਦੇ ਚਾਹਵਾਨ ਹਨ। ਇਸ ਸਬੰਧੀ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੂੰ ਸਕੂਲ ਮੁਖੀਆਂ ਨੇ ਜਾਣਕਾਰੀ ਵੀ ਦਿੱਤੀ ਹੈ ਤੇ ਡਾਇਰੈਕਟਰ ਦਫਤਰ ’ਚ ਵੱਡੀ ਗਿਣਤੀ ਦਾਖਲੇ ਲਈ ਅਰਜ਼ੀਆਂ ਵੀ ਆਈਆਂ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਸਰਕਾਰੀ ਸਕੂਲਾਂ ’ਚ ਰਾਈਟ ਟੂ ਐਜੂਕੇਸ਼ਨ ਐਕਟ ਤਹਿਤ ਪਹਿਲੀ ਤੋਂ ਅੱਠਵੀਂ ਜਮਾਤ ਦੀ ਪੜ੍ਹਾਈ ਬਿਲਕੁਲ ਮੁਫਤ ਕਰਵਾਈ ਜਾਂਦੀ ਹੈ ਤੇ ਇਨ੍ਹਾਂ ਬੱਚਿਆਂ ਨੂੰ ਮਿੱਡ-ਡੇਅ ਮੀਲ ਤਹਿਤ ਮੁਫਤ ’ਚ ਖਾਣਾ ਵੀ ਦਿੱਤਾ ਜਾਂਦਾ ਹੈ। ਦੂਜੇ ਪਾਸੇ ਕਰੋਨਾ ਕਾਰਨ ਕਈ ਮਾਪਿਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਤੇ ਉਨ੍ਹਾਂ ਦੇ ਕੰਮ ਕਾਰ ਬੰਦ ਹਨ। ਇਸ ਕਰ ਕੇ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਭੇਜਣਾ ਚਾਹੁੰਦੇ ਹਨ। 

ਆਨਲਾਈਨ ਪੜ੍ਹਾਈ ਤੋਂ ਅਸੰਤੁਸ਼ਟ

ਇਥੋਂ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਭਾਵੇਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਪਰ ਛੋਟੀਆਂ ਜਮਾਤਾਂ ਦੇ ਬੱਚਿਆਂ ਦੇ ਮਾਪੇ ਇਸ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਛੋਟੇ ਹਨ ਤੇ ਉਹ ਆਪਣੇ ਆਪ ਮੋਬਾਈਲ ਨਾਲ ਜਾਂ ਲੈਪਟੌਪ ਨਾਲ ਪੜ੍ਹਾਈ ਨਹੀਂ ਕਰ ਸਕਦੇ ਤੇ ਮਾਪਿਆਂ ਵਿੱਚੋਂ ਇਕ ਨੂੰ ਆਨਲਾਈਨ ਜਮਾਤ ਵੇਲੇ ਘਰ ਰਹਿਣਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੇ ਹੀ ਬੱਚਿਆਂ ਨੂੰ ਪੜ੍ਹਾਉਣਾ ਹੈ ਤਾਂ ਸਕੂਲ ਆਨਲਾਈਨ ਜਮਾਤਾਂ ਦੀਆਂ ਫੀਸਾਂ ਕਿਉਂ ਮੰਗ ਰਹੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All