ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਚੈੱਕ ਇਨ ’ਚ ਤਕਨੀਕੀ ਨੁਕਸ; ਕਈ ਉਡਾਣਾਂ ਪ੍ਰਭਾਵਿਤ
ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਯਾਤਰੀਆਂ ਨੂੰ ਅੱਜ ਚੈਕ ਇਨ ਕਰਨ ਵਿਚ ਵੱਡੀ ਸਮੱਸਿਆ ਆਈ ਜਿਸ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ। ਇਹ ਸਮੱਸਿਆ ਜ਼ਿਆਦਾਤਰ ਏਅਰ ਇੰਡੀਆ ਦੀਆਂ ਉਡਾਣਾਂ ਵਿਚ ਆਈ।
ਦੂਜੇ ਪਾਸੇ ਏਅਰ ਇੰਡੀਆ ਨੇ ਅੱਜ ਯਾਤਰੀਆਂ ਲਈ ਅਡਵਾਇਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਥਰਡ ਪਾਰਟੀ ਬੁਕਿੰਗ ਦੇ ਸਿਸਟਮ ਵਿਚ ਵਿਘਨ ਪੈਣ ਕਾਰਨ ਕਈ ਹਵਾਈ ਅੱਡਿਆਂ ’ਤੇ ਚੈੱਕ-ਇਨ ਕੰਮ ਪ੍ਰਭਾਵਿਤ ਹੋਇਆ ਹੈ ਅਤੇ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ। ਇਸ ਸਬੰਧੀ ਏਅਰ ਇੰਡੀਆ ਨੇ X ’ਤੇ ਇੱਕ ਪੋਸਟ ਪਾ ਕੇ ਕਿਹਾ, ‘ਤੀਜੀ-ਧਿਰ ਸਿਸਟਮ ’ਚ ਵਿਘਨ ਵੱਖ-ਵੱਖ ਹਵਾਈ ਅੱਡਿਆਂ ’ਤੇ ਚੈੱਕ-ਇਨ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਸ ਕਾਰਨ ਏਅਰ ਇੰਡੀਆ ਸਮੇਤ ਕਈ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ। ਸਾਡੀਆਂ ਹਵਾਈ ਅੱਡੇ ਦੀਆਂ ਟੀਮਾਂ ਸਾਰੇ ਯਾਤਰੀਆਂ ਲਈ ਸੁਚਾਰੂ ਚੈੱਕ-ਇਨ ਯਕੀਨੀ ਬਣਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ। ਜਦੋਂ ਕਿ ਸਿਸਟਮ ਹੌਲੀ-ਹੌਲੀ ਬਹਾਲ ਹੋ ਰਿਹਾ ਹੈ, ਸਾਡੀਆਂ ਕੁਝ ਉਡਾਣਾਂ ਵਿੱਚ ਸਥਿਤੀ ਪੂਰੀ ਤਰ੍ਹਾਂ ਆਮ ਹੋਣ ਤੱਕ ਦੇਰੀ ਹੋ ਸਕਦੀ ਹੈ।’ ਏਅਰਲਾਈਨ ਨੇ ਯਾਤਰੀਆਂ ਨੂੰ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਅਧਿਕਾਰਤ ਪੋਰਟਲ ਰਾਹੀਂ ਆਪਣੀ ਉਡਾਣ ਦੀ ਸਥਿਤੀ ਵੇਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯਾਤਰੀ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ https://airindia.com/in/en/manage/flight-status.html ’ਤੇ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਅਤੇ ਆਪਣੀ ਯਾਤਰਾ ਲਈ ਵਾਧੂ ਸਮਾਂ ਰੱਖਣ।
