ਬਾਦਸ਼ਾਹ ਦੇ ਨਵੇਂ ਗੀਤ ‘Tateeree Phir Se’ ਦਾ ਟੀਜ਼ਰ ਰਿਲੀਜ਼
ਸਕੂਲੀ ਕੁੜੀਆਂ ਦੀ ਥਾਂ ਹੁਣ ਘੱਗਰੇ ਤੇ ਘੁੰਡ ਵਾਲੀਆਂ ਮੁਟਿਆਰਾਂ ਦਿਖਣਗੀਆਂ; 14 ਅਪਰੈਲ ਨੂੰ ਨਵੇਂ ਰੂਪ ’ਚ ਆਵੇਗਾ ਗੀਤ
ਮਸ਼ਹੂਰ ਰੈਪਰ ਬਾਦਸ਼ਾਹ ਦੇ ਚਰਚਿਤ ਗੀਤ Tateeree ਨੂੰ ਲੈ ਕੇ ਪਿਛਲੇ ਦਿਨੀਂ ਹੋਏ ਵਿਵਾਦ ਤੋਂ ਬਾਅਦ ਹੁਣ ਇਸ ਦਾ ਸੋਧਿਆ ਹੋਇਆ ਰੂਪ ‘Tateeree Phir Se’ ਰਿਲੀਜ਼ ਹੋਣ ਲਈ ਤਿਆਰ ਹੈ। ਹਾਲ ਹੀ ਵਿੱਚ ਜਾਰੀ ਕੀਤੇ ਗਏ ਇਸ ਦੇ ਟੀਜ਼ਰ ਨੇ ਸੋਸ਼ਲ ਮੀਡੀਆ ’ਤੇ ਨਵੀਂ ਚਰਚਾ ਛੇੜ ਦਿੱਤੀ ਹੈ। ਵੀਡੀਓ ਵਿੱਚ ਸਭ ਤੋਂ ਵੱਡਾ ਬਦਲਾਅ ਇਹ ਦੇਖਣ ਨੂੰ ਮਿਲਿਆ ਹੈ ਕਿ ਅਸਲ ਗੀਤ ਵਿੱਚ ਦਿਖਾਈਆਂ ਗਈਆਂ ਸਕੂਲੀ ਕੁੜੀਆਂ ਦੀ ਥਾਂ ਹੁਣ ਪਾਰੰਪਰਿਕ ਪਹਿਰਾਵੇ (ਘੱਗਰਾ ਅਤੇ ਘੁੰਡ) ਵਿੱਚ ਸੱਜੀਆਂ ਮੁਟਿਆਰਾਂ ਨਜ਼ਰ ਆ ਰਹੀਆਂ ਹਨ।
ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਰੱਖਿਆ ਜਾਵੇਗਾ ਖ਼ਿਆਲ
ਬਾਦਸ਼ਾਹ ਨੇ ਇੰਸਟਾਗ੍ਰਾਮ ’ਤੇ ਹਿੰਦੀ ਵਿੱਚ ਇੱਕ ਲੰਮੀ ਪੋਸਟ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ, ਮਹਿਲਾ ਕਮਿਸ਼ਨ ਅਤੇ ਸਮਾਜਿਕ ਕਾਰਕੁਨਾਂ ਦੇ ਸੁਝਾਵਾਂ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਲਿਖਿਆ, “ ਅਸੀਂ ਆਪਣੇ ਸੱਭਿਆਚਾਰ ਦਾ ਸਤਿਕਾਰ ਕਰਦੇ ਹਾਂ ਅਤੇ ਫੀਡਬੈਕ ਦੇ ਆਧਾਰ ’ਤੇ ਗੀਤ ਦੇ ਉਨ੍ਹਾਂ ਸਾਰੇ ਹਿੱਸਿਆਂ ਨੂੰ ਹਟਾ ਦਿੱਤਾ ਗਿਆ ਹੈ ਜਿਨ੍ਹਾਂ ’ਤੇ ਇਤਰਾਜ਼ ਜਤਾਇਆ ਗਿਆ ਸੀ।”
View this post on Instagram
ਜ਼ਿਕਰਯੋਗ ਹੈ ਕਿ ਮਾਰਚ ਵਿੱਚ ਰਿਲੀਜ਼ ਹੋਏ ਅਸਲ ਗੀਤ ਨੂੰ ਲੈ ਕੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਸਮੇਤ ਕਈ ਜਥੇਬੰਦੀਆਂ ਨੇ ਤਿੱਖਾ ਵਿਰੋਧ ਕੀਤਾ ਸੀ। ਵੀਡੀਓ ਦੇ ਕੁਝ ਦ੍ਰਿਸ਼ਾਂ ਨੂੰ ਗ਼ੈਰ-ਵਾਜਬ ਦੱਸਿਆ ਗਿਆ ਸੀ। ਨਵੇਂ ਟੀਜ਼ਰ ਵਿੱਚ ਹੁਣ ਪੇਂਡੂ ਅਤੇ ਸੱਭਿਆਚਾਰਕ ਪਿਛੋਕੜ ਦਿਖਾਇਆ ਗਿਆ ਹੈ, ਜੋ ਵੀਡੀਓ ਨੂੰ ਵਿਵਾਦਾਂ ਤੋਂ ਦੂਰ ਰੱਖ ਕੇ ਇੱਕ ਸੱਭਿਆਚਾਰਕ ਰੰਗ ਦੇਣ ਦੀ ਕੋਸ਼ਿਸ਼ ਹੈ। ਕੱਪੜਿਆਂ ਅਤੇ ਫਿਲਮਾਂਕਣ ਵਿੱਚ ਕੀਤੇ ਇਹ ਬਦਲਾਅ ਓਟੀਟੀ ਅਤੇ ਪ੍ਰਸਾਰਣ ਨਿਯਮਾਂ ਦੀ ਪਾਲਣਾ ਕਰਦੇ ਨਜ਼ਰ ਆ ਰਹੇ ਹਨ। ਇਹ ਗੀਤ ਹੁਣ 14 ਅਪਰੈਲ ਨੂੰ ਨਵੇਂ ਅਵਤਾਰ ਵਿੱਚ ਦਰਸ਼ਕਾਂ ਦੇ ਸਨਮੁਖ ਹੋਵੇਗਾ।

