ਕਰੋਨਾ ਮਰੀਜ਼ਾਂ ਲਈ ਪਹਿਰਾ ਦੇੇਣਗੇ ਅਧਿਆਪਕ

ਕਰੋਨਾ ਮਰੀਜ਼ਾਂ ਲਈ ਪਹਿਰਾ ਦੇੇਣਗੇ ਅਧਿਆਪਕ

ਸਕੱਤਰੇਤ ਦੇ ਬਾਹਰ ਫੀਸ ਮੁਆਫੀ ਦੀ ਮੰਗ ਕਰਦੇ ਹੋਏ ਵਿਦਿਆਰਥੀ ਆਗੂ।

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 18 ਸਤੰਬਰ

ਯੂਟੀ ਪ੍ਰਸ਼ਾਸਨ ਨੇ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਕਰੋਨਾ ਮਰੀਜ਼ਾਂ ਦੇ ਪਹਿਰੇ ਲਈ ਡਿਊਟੀ ਲਾ ਦਿੱਤੀ ਹੈ। ਕਈ ਅਧਿਆਪਕਾਂ ਦੀ ਰਾਤ ਵੇਲੇ ਵੀ ਡਿਊਟੀ ਲਾਈ ਗਈ ਹੈ ਜਿਸ ਨਾਲ ਅਧਿਆਪਕਾਂ ਵਿਚ ਰੋਸ  ਹੈ।  ਜਾਣਕਾਰੀ ਅਨੁਸਾਰ ਐਸਡੀਐਮ ਦੱਖਣੀ ਨੇ ਸਰਕਾਰੀ ਸਕੂਲਾਂ ਦੇ 25 ਅਧਿਆਪਕਾਂ ਦੀ ਡਿਊਟੀ ਕਰੋਨਾ ਮਰੀਜ਼ਾਂ ਦੇ ਘਰਾਂ ਦੇ ਬਾਹਰ ਲਾ ਦਿੱਤੀ ਹੈ। ਪ੍ਰਸ਼ਾਸਨ ਨੇ 15 ਸਤੰਬਰ ਨੂੰ ਚੰਡੀਗੜ੍ਹ ਦੇ ਕਈ ਸੈਕਟਰਾਂ ਵਿਚ ਕਰੋਨਾ ਦੇ ਮਰੀਜ਼ਾਂ ਨੂੰ ਇਕਾਂਤਵਾਸ ਕਰਨ ਲਈ ਜ਼ੋਨ ਬਣਾ ਦਿੱਤੇ ਸਨ ਤੇ ਇਨ੍ਹਾਂ ਵਿਚ ਅਧਿਆਪਕਾਂ ਦੀ ਡਿਊਟੀ ਵੀ ਲਾ ਦਿੱਤੀ ਹੈ। ਇਨ੍ਹਾਂ ਵਿਚੋਂ ਕਈ ਅਧਿਆਪਕ ਰਾਤ ਭਰ ਦੀ ਡਿਊਟੀ ਕਰੋਨਾ ਮਰੀਜ਼ਾਂ ਦੇ ਘਰਾਂ ਦੇ ਬਾਹਰ ਦੇ ਰਹੇ ਹਨ ਤਾਂ ਕਿ ਨਾ ਇਸ ਖੇਤਰ ਵਿਚੋਂ ਕੋਈ ਬਾਹਰ ਆ ਸਕੇ ਤੇ ਨਾ ਹੀ ਕੋਈ ਅੰਦਰ ਜਾ ਸਕੇ। ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੱਖਿਆ ਵਿਭਾਗ ਨੇ ਕਈ ਹੋਰ ਚਾਰਜ ਵੀ ਦਿੱਤੇ ਹੋਏ ਹਨ ਤੇ ਉਹ ਸਕੂਲ ਦੀ ਆਨਲਾਈਨ ਪੜ੍ਹਾਈ ਵੀ ਕਰਵਾ ਰਹੇ ਹਨ।

ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਮੰਗ ਕੀਤੀ ਕਿ ਅਧਿਆਪਕ ਕਰੋਨਾ ਦੌਰਾਨ ਡਿਊਟੀ ਦੇਣ ਨੂੰ ਤਿਆਰ ਹਨ ਪਰ ਕਰੋਨਾ ਯੋਧਿਆਂ ਵਜੋਂ ਉਨ੍ਹਾਂ ਦਾ ਇਕ ਕਰੋੜ ਦਾ ਬੀਮਾ ਕੀਤਾ ਜਾਵੇ ਕਿਉਂਕਿ ਉਹ ਕਰੋਨਾ ਖੇਤਰ ਵਿਚ ਡਿਊਟੀ ਕਰ ਰਹੇ ਹਨ, ਇਸ ਦੇ ਬਾਵਜੂਦ ਉਨ੍ਹਾਂ ਨੂੰ ਸੁਰੱਖਿਆ ਦੇ ਪੂਰੇ ਸਾਧਨ ਵੀ ਨਹੀਂ ਦਿੱਤੇ ਜਾ ਰਹੇ। ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਡਿਊਟੀਆਂ ਸੈਕਟਰ-20, 22, 41, ਤੇ 43 ਦੇ ਰਿਹਾਇਸ਼ੀ ਖੇਤਰ ਵਿਚ ਲਗਾਈਆਂ ਗਈਆਂ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਅਲਕਾ ਮਹਿਤਾ ਨੇ ਕਿਹਾ ਕਿ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਹੀ ਅਧਿਆਪਕਾਂ ਦੀ ਡਿਊਟੀ ਲਾਈ ਗਈ ਹੈ ਤੇ ਆਨਲਾਈਨ ਪੜ੍ਹਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ।

ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀ ਹੀ ਆਉਣਗੇ ਸਕੂਲ 

ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਫੈਸਲਾ ਕੀਤਾ ਹੈ ਕਿ ਸਰਕਾਰੀ ਸਕੂਲਾਂ ਵਿਚ ਹਾਲੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹੀ ਸਕੂਲ ਆਉਣਗੇ। ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਯੂਟੀ ਨੇ ਵੀ 21 ਸਤੰਬਰ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ ਪਰ ਹਰ ਜਮਾਤ ਵਿਚ ਵੱਧ ਤੋਂ ਵੱਧ 15 ਵਿਦਿਆਰਥੀ ਹੀ ਬਿਠਾਏ ਜਾਣਗੇ। ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੇ ਜਮਾਤ ਦੇ ਕਮਰੇ ਦਾ ਆਕਾਰ ਛੋਟਾ ਹੈ ਤਾਂ ਉਸ ਵਿਚ ਸਿਰਫ 10 ਵਿਦਿਆਰਥੀ ਹੀ ਆ ਕੇ ਆਪਣੇ ਸ਼ੰਕੇ ਦੂਰ ਕਰ ਸਕਦੇ ਹਨ। ਵਿਭਾਗ ਨੇ ਪਹਿਲੇ ਪੜਾਅ ਹੇਠ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀ ਸੱਦਣ ਦਾ ਫੈਸਲਾ ਕੀਤਾ ਹੈ ਤੇ ਦੂਜੇ ਪੜਾਅ ਹੇਠ ਨੌਵੀਂ ਤੇ ਉਸ ਤੋਂ ਬਾਅਦ ਗਿਆਰ੍ਹਵੀਂ ਦੇ ਵਿਦਿਆਰਥੀਆਂ ਨੂੰ ਸੱਦਿਆ ਜਾਵੇਗਾ। ਵਿਦਿਆਰਥੀ ਆਪਣੇ ਮਾਪਿਆਂ ਦੇ ਸਹਿਮਤੀ ਪੱਤਰ ਲੈ ਕੇ ਸਕੂਲ ਆ ਸਕਦੇ ਹਨ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਦੋ ਘੰਟੇ ਹੀ ਸਕੂਲ ਵਿਚ ਰੁਕਣ ਦੀ ਇਜਾਜ਼ਤ  ਹੋਵੇਗੀ। ਇਸ ਤੋਂ ਬਾਅਦ ਦੂਜੀ ਸ਼ਿਫਟ ਲਈ ਡੇਢ ਘੰਟੇ ਦਾ ਵਕਫਾ ਰੱਖਿਆ ਜਾਵੇਗਾ। 

ਕਾਲਜ ਫੀਸ ਮੁਆਫ਼ੀ ਲਈ ਸਕੱਤਰ ਨਾਲ ਮੁਲਾਕਾਤ

ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਕਾਰਕੁਨਾਂ ਨੇ ਅੱਜ ਤਕਨੀਕੀ ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ ਨਾਲ ਸਰਕਾਰੀ ਕਾਲਜ ਫਾਰ ਆਰਟ ਸੈਕਟਰ-10 ਦੇ ਵਿਦਿਆਰਥੀਆਂ ਦੀਆਂ ਫੀਸਾਂ ਮੁਆਫ਼ ਕਰਨ ਬਾਰੇ ਗੱਲਬਾਤ ਕੀਤੀ। ਜਥੇਬੰਦੀ ਦੇ ਆਗੂ ਅਮਨ ਰਤੀਆ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਕਾਲਜ ਦੇ ਕਈ ਗਰੀਬ ਵਿਦਿਆਰਥੀ ਫੀਸ ਭਰਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਵੱਡੀ ਗਿਣਤੀ ਵਿਦਿਆਰਥੀ ਫੀਸ ਨਹੀਂ ਭਰ ਸਕੇ ਜਿਸ ਕਾਰਨ ਫੀਸ ਭਰਨ ਦੀ ਆਖਰੀ ਤਾਰੀਖ ਵਧਾਈ ਜਾਵੇ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All