ਮੁਕੇਸ਼ ਕੁਮਾਰ
ਚੰਡੀਗੜ੍ਹ, 23 ਅਕਤੂਬਰ
ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਮਨਵਾਊਣ ਲਈ ਰੋਸ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਅੱਜ ਸੈਕਟਰ-17 ਵਿੱਚ ਨਗਰ ਨਿਗਮ ਦਫਤਰ ਦੇ ਘਿਰਾਓ ਕਰਨ ਲਈ ਪਹੁੰਚੇ ਸਫ਼ਾਈ ਕਰਮਚਾਰੀਆਂ ਨੂੰ ਪੁਲੀਸ ਵੱਲੋਂ ਨਿਗਮ ਦਫਤਰ ਤੋਂ ਦੂਰ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ। ਇਸ ਕਾਰਨ ਰੋਹ ਵਿੱਚ ਆਏ ਸਫ਼ਾਈ ਕਰਮਚਾਰੀਆਂ ਨੇ ਨਗਰ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਵੀ ਸਾੜਿਆ। ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਸ਼ਨੀਵਾਰ ਤੋਂ ਅਣਮਿਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਹੜਤਾਲ ਦੌਰਾਨ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਦੇ ਨਾਲ-ਨਾਲ ਘਰਾਂ ਤੋਂ ਕੂੜਾ ਇਕੱਤਰ ਕਰਨ ਦੇ ਕੰਮ ਠੱਪ ਰੱਖੇ ਜਾਣਗੇ।
ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਨੇ ਕਿਹਾ ਕਿ ਨਿਗਮ ਵੱਲੋਂ ਸਫਾਈ ਕਾਮਿਆਂ ਨੂੰ ਜੀਪੀਐੱਸ ਘੜੀਆਂ ਬੰਨ੍ਹਣੀਆਂ ਲਾਜ਼ਮੀ ਕੀਤੀਆਂ ਗਈਆਂ ਹਨ ਜਿਸ ਕਾਰਨ ਸਫ਼ਾਈ ਕਰਮਚਾਰੀ ਖੁਦ ਨੂੰ ਬੰਧੂਆ ਮਜ਼ਦੂਰ ਵਾਂਗ ਮਹਿਸੂਸ ਕਰਦੇ ਹਨ। ਊਨ੍ਹਾਂ ਕਿਹਾ ਕਿ ਇਸ ਹੜਤਾਲ ਵਿੱਚ ਠੇਕੇ ਉੱਤੇ ਕੰਮ ਕਰਦੇ ਸਫ਼ਾਈ ਕਰਮਚਾਰੀ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸਮਾਰਟ ਘੜੀਆਂ ਬੰਨ੍ਹਣ ਦੇ ਹੁਕਮ ਵਾਪਸ ਲਏ ਜਾਣ ਤੇ ਦਿਹਾੜੀਦਾਰ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਨਾਲ-ਨਾਲ ਠੇਕੇਦਾਰ ਦੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਗਰ ਨਿਗਮ ਅਧੀਨ ਲਿਆਂਦਾ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਨਿਗਮ ਵਿੱਚ ਸਫ਼ਾਈ ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਨਗਰ ਨਿਗਮ ਦਫਤਰ ਨੇੜੇ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦੌਰਾਨ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਨਿਗਮ ਦਫਤਰ ਨੂੰ ਘੇਰਨ ਜਾ ਰਹੇ ਸਫਾਈ ਕਰਮਚਾਰੀਆਂ ਨੂੰ ਪੁਲੀਸ ਨੇ ਨਿਗਮ ਦਫਤਰ ਤੋਂ ਦੂਰ ਹੀ ਰੋਕ ਲਿਆ। ਇਥੇ ਸਫਾਈ ਕਰਮਚਾਰੀਆਂ ਨੇ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਮੰਨਣ ’ਤੇ ਜ਼ੋਰ ਦਿੱਤਾ।
ਜ਼ਿਕਰਯੋਗ ਹੈ ਕਿ ਜੀਪੀਐੱਸ ਘੜੀਆਂ ਖ਼ਿਲਾਫ਼ ਸਫ਼ਾਈ ਸੇਵਕ ਪਹਿਲਾਂ ਵੀ ਹੜਤਾਲ ਕਰ ਚੁੱਕੇ ਹਨ ਤੇ ਨਗਰ ਨਿਗਮ ਵੀ ਆਪਣੇ ਫੈਸਲੇ ’ਤੇ ਕਾਇਮ ਹੈ।
ਗਾਰਬੇਜ ਕੁਲੈਕਟਰਾਂ ਵੱਲੋਂ ਸਮਰਥਨ ਦਾ ਐਲਾਨ
ਘਰਾਂ ਤੋਂ ਕੂੜਾ ਚੁੱਕਣ ਵਾਲੇ ਗਾਰਬੇਜ ਕੁਲੈਕਟਰਾਂ ਦੀ ਐਸੋਸੀਏਸ਼ਨ ਵੀ ਸਫ਼ਾਈ ਕਰਮਚਾਰੀਆਂ ਦੇ ਸਮਰਥਨ ਵਿੱਚ ਡਟ ਗਈ ਹੈ। ਡੋਰ-ਟੂ-ਡੋਰ ਗਾਰਬੇਜ ਕੁਲੈਕਟਰਾਂ ਵੱਲੋਂ ਸ਼ਨਿਚਰਵਾਰ ਤੋਂ ਰਿਹਾਇਸ਼ੀ ਇਲਾਕਿਆਂ ਵਿਚੋਂ ਕੂੜਾ ਇਕੱਤਰ ਨਹੀਂ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਪ੍ਰਧਾਨ ਓਮ ਪ੍ਰਕਾਸ਼ ਸੈਣੀ ਨੇ ਦੱਸਿਆ ਕਿ ਗਾਰਬੇਜ ਕੁਲੈਕਟਰਾਂ ਵੱਲੋਂ ਚੰਡੀਗੜ੍ਹ ਵਿੱਚ ਲਗਪਗ ਸਵਾ ਦੋ ਲੱਖ ਘਰਾਂ ਤੋਂ ਕੂੜਾ ਚੁੱਕਿਆ ਜਾਂਦਾ ਹੈ। ਗਾਰਬੇਜ ਕੁਲੈਕਟਰ ਉਸ ਥਾਂ ’ਤੇ ਵੀ ਜਾਂਦੇ ਹਨ ਜਿਥੇ ਨਗਰ ਨਿਗਮ ਦੀ ਗੱਡੀ ਵੀ ਨਹੀਂ ਪਹੁੰਚਦੀ। ਇਸ ਕਾਰਨ ਨਗਰ ਨਿਗਮ ਤੇ ਚੰਡੀਗੜ੍ਹ ਵਾਸੀਆਂ ਦੀਆਂ ਸਮੱਸਿਆਵਾਂ ਵਧਣ ਦੇ ਆਸਾਰ ਹਨ।