ਸੁਲਤਾਨਪੁਰ ਕੋਲ ਸਤਲੁਜ ਦਾ ਪਾਣੀ ਜ਼ਮੀਨਾਂ ਨੂੰ ਲਾ ਰਿਹੈ ਖੋਰਾ
ਨਜ਼ਦੀਕੀ ਪਿੰਡ ਸੁਲਤਾਨਪੁਰ ਕੋਲੋਂ ਲੰਘ ਰਹੇ ਸਤਲੁਜ ਦਰਿਆ ਦਾ ਪਾਣੀ ਰੋਜ਼ਾਨਾ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵੱਡੇ ਪੱਧਰ ’ਤੇ ਖੋਰਾ ਲਗਾ ਰਿਹਾ ਹੈ। ਇਸ ਕਾਰਨ ਜਿੱਥੇ ਸਬੰਧਤ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ, ਉੱਥੇ ਕਿਸਾਨਾਂ ਵੱਲੋਂ ਆਪੋ-ਆਪਣੀਆਂ ਜ਼ਮੀਨਾਂ ਨੂੰ...
ਨਜ਼ਦੀਕੀ ਪਿੰਡ ਸੁਲਤਾਨਪੁਰ ਕੋਲੋਂ ਲੰਘ ਰਹੇ ਸਤਲੁਜ ਦਰਿਆ ਦਾ ਪਾਣੀ ਰੋਜ਼ਾਨਾ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵੱਡੇ ਪੱਧਰ ’ਤੇ ਖੋਰਾ ਲਗਾ ਰਿਹਾ ਹੈ। ਇਸ ਕਾਰਨ ਜਿੱਥੇ ਸਬੰਧਤ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ, ਉੱਥੇ ਕਿਸਾਨਾਂ ਵੱਲੋਂ ਆਪੋ-ਆਪਣੀਆਂ ਜ਼ਮੀਨਾਂ ਨੂੰ ਦਰਿਆਈ ਪਾਣੀ ਦੀ ਮਾਰ ਤੋਂ ਬਚਾਉਣ ਲਈ ਸਰਕਾਰੇ ਦਰਬਾਰੇ ਫਰਿਆਦ ਵੀ ਕੀਤੀ ਗਈ ਹੈ। ਚਮਕੌਰ ਸਾਹਿਬ ਮੋਰਚਾ ਵੱਲੋਂ ਬੇਟ ਖੇਤਰ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪੰਜਾਬ ਸਰਕਾਰ ਤੋਂ ਸਤਲੁਜ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਬੰਨ੍ਹ ਮਜ਼ਬੂਤ ਨਾ ਕੀਤੇ ਗਏ ਤਾਂ ਮੋਰਚੇ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਮੋਰਚੇ ਦੇ ਆਗੂ ਲਖਬੀਰ ਸਿੰਘ ਹਾਫਿਜ਼ਾਬਾਦ, ਪਿੰਡ ਸੁਲਤਾਨਪੁਰ ਦੀ ਸਰਪੰਚ ਜਸਬੀਰ ਕੌਰ ਅਤੇ ਪੰਚਾਇਤ ਮੈਂਬਰ ਅਵਤਾਰ ਸਿੰਘ ਨੇ ਦੱਸਿਆ ਕਿ ਸਤੰਬਰ 2025 ਦੌਰਾਨ ਨੇੜਲੇ ਪਿੰਡ ਸਾਰੰਗਪੁਰ ’ਚ ਹੜ੍ਹਾਂ ਕਾਰਨ ਸਤਲੁਜ ਦਰਿਆ ਦੇ ਬੰਨ੍ਹ ਨੂੰ ਕਾਫੀ ਢਾਹ ਲੱਗੀ ਸੀ ਜਿਸ ਕਾਰਨ ਸਮੁੱਚੇ ਬੇਟ ਏਰੀਏ ਦੇ ਪਿੰਡਾਂ ਦਾ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਰੇਤ ਮਾਫ਼ੀਆ ਵੱਲੋਂ ਪਿੰਡ ਰਸੀਦਪੁਰ ਵਿੱਚ ਸਰਕਾਰੀ ਖੱਡ ਵਿੱਚੋਂ ਦਰਿਆ ਦੇ ਬੰਨ੍ਹ ਨੇੜੇ ਮਾਈਨਿੰਗ ਸ਼ੁਰੂ ਕਰ ਦਿੱਤੀ ਗਈ ਸੀ, ਜਿਹੜੀ ਕਿ ਮੋਰਚੇ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਬੰਦ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੋਰਚੇ ਵੱਲੋਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਦਰਿਆ ਦੇ ਵਿਚਕਾਰ ਸਥਿਤ ਕਿਸਾਨਾਂ ਦੀ ਆਪਣੀ ਜ਼ਮੀਨ ਵਿੱਚੋਂ ਜਮ੍ਹਾਂ ਹੋਈ ਰੇਤ ਚੁੱਕਣ ਦੀ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਹੈ। ਆਗੂਆਂ ਨੇ ਦੱਸਿਆ ਕਿ ਪਿੰਡ ਸੁਲਤਾਨਪੁਰ ਕੋਲੋਂ ਲੰਘਦੇ ਸਤਲੁਜ ਦਰਿਆ ਦੇ ਬੰਨ੍ਹ ਦੇ ਨੇੜਿਓਂ ਪਿਛਲੇ ਸਮੇਂ ਰੇਤ ਚਕਾਉਣ ਨੂੰ ਪਹਿਲ ਦਿੱਤੀ ਗਈ ਜਿਸ ਦੇ ਨਤੀਜੇ ਵਜੋਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਜਿੱਥੇ ਸਤਲੁਜ ਦਰਿਆ ਦੇ ਬੰਨ੍ਹ ਤੇ ਸਰਕਾਰ ਵੱਲੋਂ ਲਗਾਈਆਂ ਪੱਥਰਾਂ ਦੀਆਂ ਠੋਕਰਾਂ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਿਹਾ ਹੈ, ਉੱਥੇ ਹੀ ਇਸ ਪਾਣੀ ਕਾਰਨ ਬੰਨ੍ਹ ਨਾਲ ਲੱਗਦੀਆਂ ਕਿਸਾਨਾਂ ਦੀ ਜ਼ਮੀਨਾਂ ਲਗਾਤਾਰ ਪਾਣੀ ਵਿੱਚ ਖੁਰ ਰਹੀਆਂ ਹਨ ਅਤੇ ਹਰ ਰੋਜ਼ ਡੇਢ ਤੋਂ ਦੋ ਏਕੜ ਜ਼ਮੀਨ ਸਣੇ ਕਣਕ ਤੇ ਪਾਪੂਲਰ ਦੀ ਫ਼ਸਲ ਇਸ ਦਰਿਆ ਵਿੱਚ ਡਿੱਗ ਰਹੀ ਹੈ ਜਿਸ ਕਾਰਨ ਬੇਟ ਦੇ ਲੋਕਾਂ ਵਿੱਚ ਰੋਸ ਪੈਦਾ ਹੋ ਰਿਹਾ ਹੈ। ਪੀੜ੍ਹਤ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਵਿੱਚ ਖੜ੍ਹੇ ਇੱਕ ਸਾਲ ਦੇ 150 ਦੇ ਕਰੀਬ ਪਾਪੂਲਰ ਦੇ ਦਰੱਖ਼ਤ ਦਰਿਆਈ ਪਾਣੀ ਦੀ ਲਪੇਟ ਵਿੱਚ ਆ ਕੇ ਡਿੱਗ ਚੁੱਕੇ ਹਨ। ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਿਛਲੇ ਸਾਲ ਆਏ ਹੜ੍ਹਾਂ ਤੋਂ ਸਬਕ ਲੈਂਦਿਆ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਕਿ ਕਿਸਾਨਾਂ ਦੀਆਂ ਜ਼ਮੀਨਾਂ ਦਾ ਰੁੜਨ ਤੋਂ ਬਚਾ ਹੋ ਸਕੇ।

