ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਸੁੰਨ ਪੱਸਰੀ

ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਸੁੰਨ ਪੱਸਰੀ

ਚੰਡੀਗੜ੍ਹ ਵਿੱਚ ਵਿਰਾਨ ਪਏ ਰੇਲਵੇ ਸਟੇਸ਼ਨ ਦਾ ਦ੍ਰਿਸ਼।

ਆਤਿਸ਼ ਗੁਪਤਾ

ਚੰਡੀਗੜ੍ਹ, 17 ਅਕਤੂਬਰ

ਕਰੋਨਾਵਾਇਰਸ ਕਰ ਕੇ ਆਮ ਲੋਕਾਂ ਲਈ ਬੰਦ ਪਈ ਰੇਲ ਸੇਵਾ ਕੁਝ ਸਮਾਂ ਪਹਿਲਾਂ ਸ਼ੁਰੂ ਹੋਣ ਦੇ ਬਾਵਜੂਦ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ’ਤੇ ਸੁੰਨ ਪਸਰੀ ਪਈ ਹੈ ਜਿਸ ਦਾ ਕਾਰਨ ਹੈ ਕਿ ਕਿਸਾਨ ਅੰਦੋਲਨਾਂ ਦੇ ਮੱਦੇਨਜ਼ਰ ਪੰਜਾਬ ਵਿੱਚੋਂ ਲੰਘਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਰੱਦ ਕਰਨਾ ਦੱਸਿਆ ਜਾ ਰਿਹਾ ਹੈ। ਪੰਜਾਬ ਵਿੱਚ 24 ਸਤੰਬਰ ਤੋਂ ਕਿਸਾਨ ਰੇਲਵੇ ਟਰੈਕ ਰੋਕੀ ਬੈਠੇ ਹਨ ਜਿਸ ਕਰ ਕੇ ਰੇਲਵੇ ਵੱਲੋਂ ਪੰਜਾਬ ਦੀਆਂ ਸਾਰੀਆਂ ਰੇਲ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਕਿਸਾਨਾਂ ਵੱਲੋਂ ਇਹ ਅੰਦੋਲਨ 20 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਚੰਡੀਗੜ੍ਹ ਤੋਂ ਹੋ ਕੇ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਕਰ ਕੇ ਕਈ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਗੱਡੀ ਰੱਦ ਹੋਣ ਕਰ ਕੇ ਰੇਲਵੇ ਨੇ ਬੁਕਿੰਗ ਕਰਨ ਵਾਲੇ ਸਾਰੇ ਮੁਸਾਫਿਰਾਂ ਦੇ ਪੈਸੇ ਵਾਪਸ ਕਰ ਦਿੱਤੇ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸਾਨ ਅੰਦੋਲਨ ਖ਼ਤਮ ਨਹੀਂ ਹੁੰਦਾ ਊਦੋਂ ਤੱਕ ਚੰਡੀਗੜ੍ਹ ਤੋਂ ਜਾਣ ਵਾਲੀਆਂ ਜ਼ਿਆਦਾਤਰ ਰੇਲਗੱਡੀਆਂ ਬੰਦ ਰਹਿਣਗੀਆਂ।

ਦੂਜੇ ਪਾਸੇ ਰੇਲਵੇ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਚੰਡੀਗੜ੍ਹ ਤੋਂ ਗੋਰਖਪੁਰ ਅਤੇ ਗੋਰਖਪੁਰ ਤੋਂ ਚੰਡੀਗੜ੍ਹ ਲਈ ਵਿਸ਼ੇਸ਼ ਹਫ਼ਤਾਵਰੀ ਸੁਪਰਫਾਸਟ ਐਕਸਪ੍ਰੈੱਸ ਰੇਲਗੱਡੀ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਬਾਰੇ ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਸੁਪਰਫਾਸਟ ਐਕਸਪ੍ਰੈੱਸ ਰੇਲਗੱਡੀ 22 ਅਕਤੂਬਰ ਨੂੰ ਰਾਤ 11.15 ਵਜੇ ਜਾਵੇਗੀ ਅਤੇ ਅਗਲੇ ਦਿਨ ਸ਼ਾਮ ਨੂੰ 4 ਵਜੇ ਗੋਰਖਪੁਰ ਪਹੁੰਚੇਗੀ ਜਦਕਿ ਵਾਪਸੀ ਲਈ 23 ਅਕਤੂਬਰ ਨੂੰ ਗੋਰਖਪੁਰ ਤੋਂ ਰਾਤ ਨੂੰ 10.10 ਵਜੇ ਚੱਲੇਗੀ ਅਤੇ ਅਗਲੇ ਦਿਨ 2.15 ਵਜੇ ਚੰਡੀਗੜ੍ਹ ਪਹੁੰਚੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All