ਸੁਨੱਖੀ ਪੰਜਾਬਣ: ਮੁਟਿਆਰਾਂ ਨੇ ਦਿਖਾਏ ਪ੍ਰਤਿਭਾ ਦੇ ਜੌਹਰ
ਪੰਜਾਬੀ ਮਾਂ-ਬੋਲੀ, ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ਾਂ ਦੇ ਮੱਦੇਨਜ਼ਰ ‘ਸੁਨੱਖੀ ਪੰਜਾਬਣ ਮੁਕਾਬਲਾ-7’ ਦਾ ਮੁਕਾਬਲਾ ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫ਼ਾਰ ਵਿਮੈਨ ਪਡਿਆਲਾ ਵਿੱਚ ਹੋਇਆ। ਇਸ ਮੌਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਆਈਆ ਚਾਰ ਦਰਜਨ ਤੋਂ ਵਧੇਰੇ ਪੰਜਾਬਣਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।
ਡਾ. ਅਵਨੀਤ ਕੌਰ ਭਾਟੀਆ ਵੱਲੋਂ ਹਰਪ੍ਰੀਤ ਕੌਰ ਅਤੇ ਕਾਲਜ ਪ੍ਰਬੰਧਕਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੁਕਾਬਲੇ ਮੌਕੇ ਮੁਟਿਆਰਾਂ ਨੇ ਪੰਜਾਬ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਕੀਤੀ। ਮੁਟਿਆਰਾਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਂਦਿਆਂ ਨਾਟਕ, ਭੰਗੜਾ, ਗਿੱਧਾ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਅਤੇ ਮੁਕਾਬਲੇ ਦੇ ਅਗਲੇ ਗੇੜ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੋਗਾ, ਮਾਨਸਾ, ਲੁਧਿਆਣਾ, ਮੁਹਾਲੀ, ਪਟਿਆਲਾ ਤੇ ਜਲੰਧਰ ਜ਼ਿਲ੍ਹਿਆਂ ਦੀਆਂ 50 ਮੁਟਿਆਰਾਂ ਨੇ ਭਾਗ ਲਿਆ ਜਦਕਿ ਰਾਏਪੁਰ, ਕਾਨਪੁਰ ਤੇ ਬਠਿੰਡਾ ਦੀਆਂ ਮੁਟਿਆਰਾ ਨੇ ਪ੍ਰੋਗਰਾਮ ਦੇ ਆਨਲਾਈਨ ਐਡੀਸ਼ਨ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ।
ਡਾ. ਅਵਨੀਤ ਕੌਰ ਭਾਟੀਆ ਨੇ ਦੱਸਿਆ ਕਿ ‘ਸੁਨੱਖੀ ਪੰਜਾਬਣ ਮੁਕਾਬਲਾ’ ਦਾ ਮਕਸਦ ਪੰਜਾਬਣਾਂ ਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਉਪਰਾਲਾ ਕਰਨਾ ਹੈ।
ਪ੍ਰੋਗਰਾਮ ’ਚ ਪ੍ਰੋ. ਗੁਰਿੰਦਰਜੀਤ ਕੌਰ, ਕਵਿੱਤਰੀ ਸਤਿੰਦਰ ਕੌਰ, ਪੰਜਾਬੀ ਲੇਖਕ ਪ੍ਰੀਤ ਸਿਮਰ ਨੇ ਜੱਜਾਂ ਦੀ ਭੂਮਿਕਾ ਨਿਭਾਈ ਜਦਕਿ ਪੰਜਾਬੀ ਸਿਨੇਮਾ ਦੀਆਂ ਅਦਾਕਾਰਾਂ ਚਰਨਜੀਤ ਕੌਰ ਤੇ ਨਵਪ੍ਰੀਤ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪਰਮਜੀਤ ਸਿੰਘ, ਬਲਜਿੰਦਰ ਸਿੰਘ ਬੱਲ, ਜਗਵੀਰ ਸਿੰਘ, ਸਰਪੰਚ ਬਲਵਿੰਦਰ ਸਿੰਘ ਚੱਕਲਾਂ ਆਦਿ ਹਾਜ਼ਰ ਸਨ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਪੰਜਾਬਣਾਂ ਨੂੰ ਸਰਟੀਫਿਕੇਟ ਤੇ ਪੰਛੀਆਂ ਦੇ ਰੈਣ-ਬਸੇਰੇ ਦੇ ਕੇ ਸਨਮਾਨਿਤ ਕੀਤਾ ਗਿਆ।