Sukhbir Badal Attack: ਹਰਸਿਮਰਤ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ
Harsimrat Shah Letter: ਸੁਖਬੀਰ ਬਾਦਲ ’ਤੇ ਹਮਲੇ ਦੀ ਐਨ ਆਈ ਏ ਤੋਂ ਜਾਂਚ ਕਰਾਉਣ ਦੀ ਮੰਗ
Sukhbir Badal Attack: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਨਾਂਦੇੜ ਵਿੱਚ ਹੋਏ ਹਮਲੇ ਨੂੰ ਲੈ ਕੇ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਹਰਸਿਮਰਤ ਕੌਰ ਬਾਦਲ ਨੇ ਪੱਤਰ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਹੋਏ ਹਮਲੇ ਦੀ NIA ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਉਹਨਾਂ ਪੱਤਰ ਵਿੱਚ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਹੁਣ ਤੱਕ ਦੋ ਵਾਰ ਹਮਲੇ ਹੋ ਚੁੱਕੇ ਹਨ। ਇਹ ਦੋਵੇਂ ਹਮਲੇ ਪਵਿੱਤਰ ਗੁਰੂ ਘਰਾਂ ਵਿੱਚ ਉਸ ਸਮੇਂ ਹੋਏ ਜਦੋਂ ਸ਼ਰਧਾਲੂ ਸਿੱਖ ਧਾਰਮਿਕ ਸੇਵਾ ਵਿੱਚ ਰੁੱਝਿਆ ਹੋਇਆ ਸੀ।
ਇਸ ਸਬੰਧੀ ਪੰਜਾਬ ਪੁਲੀਸ ਅਤੇ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਦੋਵੇਂ ਹਮਲੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੀਤੇ ਗਏ ਹਨ। ਵਾਰ-ਵਾਰ ਕੀਤੇ ਇਹ ਹਮਲੇ ਦੁਨੀਆ ਪੱਧਰ 'ਤੇ ਪੰਜਾਬ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਅਤੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਹਮਲਿਆਂ ਦੀ ਐਨਆਈਏ ਤੋਂ ਜਾਂਚ ਕਰਵਾਈ ਜਾਵੇ ਅਤੇ ਹਮਲਿਆਂ ਦੇ ਪਿਛਲੇ ਕਾਰਨਾਂ ਨੂੰ ਜੱਗ ਜ਼ਾਹਰ ਕੀਤਾ ਜਾਵੇ।
ਇਹ ਵੀ ਪੜ੍ਹੋ: Sukhbir Badal Attack: ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਪੁਣੇ ਦਾ ਵਾਸੀ
ਜ਼ਿਕਰਯੋਗ ਹੈ ਕਿ ਦਸੰਬਰ 2024 ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਹਿਰੇਦਾਰ ਵਜੋਂ ਸੇਵਾ ਨਿਭਾਅ ਰਹੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ’ਤੇ ਖਾਲਿਸਤਾਨੀ ਆਗੂ ਅਤੇ ਅਕਾਲ ਫੈਡਰੇਸ਼ਨ ਦੇ ਮੁਖੀ ਨਰੈਣ ਸਿੰਘ ਚੌੜਾ ਨੇ ਐਨ ਨੇੜਿਉਂ ਗੋਲੀ ਚਲਾ ਦਿੱਤੀ ਸੀ। ਇਸ ਦੌਰਾਨ ਸੁਖਬੀਰ ਦੀ ਸੁਰੱਖਿਆ ਵਿੱਚ ਸਾਦੀ ਵਰਦੀ ’ਚ ਤਾਇਨਾਤ ਏਐੱਸਆਈ ਜਸਬੀਰ ਸਿੰਘ ਨੇ ਚੌੜਾ ਨੂੰ ਜਦੋਂ ਡੱਬ ’ਚੋਂ ਪਿਸਤੌਲ ਕੱਢਦੇ ਦੇਖਿਆ ਤਾਂ ਫੁਰਤੀ ਨਾਲ ਉਸ ਨੂੰ ਜੱਫਾ ਪਾ ਲਿਆ ਅਤੇ ਇਕ ਗੋਲੀ ਨਿਸ਼ਾਨਾ ਖੁੰਝ ਕੇ ਪ੍ਰਵੇਸ਼ ਦੁਆਰ ਦੀ ਡਿਓਢੀ ਦੀ ਇਮਾਰਤ ਵਿੱਚ ਜਾ ਲੱਗੀ। ਜਿਸ ਵੇਲੇ ਗੋਲੀ ਚੱਲੀ, ਉਸ ਸਮੇਂ ਸ਼ਰਧਾਲੂ ਆ-ਜਾ ਰਹੇ ਸਨ। ਘਟਨਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਆਲੇ-ਦੁਆਲੇ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ।
ਇਸ ਤੋਂ ਬਾਅਦ ਉਸ ਵੇਲੇ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੇ ਹਮਲਾਵਰ ਨੂੰ ਤੁਰੰਤ ਕਾਬੂ ਕਰਕੇ ਹਮਲੇ ਨੂੰ ਨਾਕਾਮ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਵੇਲੇ ਗੋਲੀ ਚਲਾਉਣ ਦਾ ਯਤਨ ਕੀਤਾ ਗਿਆ, ਉਸ ਵੇਲੇ ਤਿੰਨ ਪੁਲੀਸ ਕਰਮਚਾਰੀ ਸਾਦੇ ਕੱਪੜਿਆਂ ਵਿੱਚ ਸੁਖਬੀਰ ਸਿੰਘ ਬਾਦਲ ਨਾਲ ਤਾਇਨਾਤ ਸਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਧਾਰਮਿਕ ਅਸਥਾਨ ਹੋਣ ਕਾਰਨ ਇੱਥੇ ਹਰ ਆਉਣ-ਜਾਣ ਵਾਲੇ ਵਿਅਕਤੀ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ ਹੈ ਪਰ ਇਸ ਦੇ ਬਾਵਜੂਦ ਸੁਰੱਖਿਆ ਕਰਮਚਾਰੀ ਚੌਕਸ ਸਨ।

