ਸਬ-ਤਹਿਸੀਲ ਮਾਜਰੀ ਦੀ ਇਮਾਰਤ ਤੁਰੰਤ ਉਸਾਰੀ ਜਾਵੇ: ਕੰਗ
ਮਿਹਰ ਸਿੰਘ
ਕੁਰਾਲੀ, 7 ਜੂਨ
ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਸਬ-ਤਹਿਸੀਲ ਮਾਜਰੀ ਦੀ ਇਮਾਰਤ ਬਣਾਉਣ ਵਿੱਚ ਹੋ ਰਹੀ ਦੇਰੀ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਕੰਗ ਨੇ ਇਸ ਮਸਲੇ ਲਈ ਨਾਇਬ ਤਹਿਸੀਲਦਾਰ ਮਾਜਰੀ ਨਾਲ ਮੁਲਾਕਾਤ ਕੀਤੀ। ਸ੍ਰੀ ਕੰਗ ਨੇ ਇਮਾਰਤ ਲਈ ਜਗ੍ਹਾ ਅਲਾਟ ਹੋਣ ਦੇ ਬਾਵਜੂਦ ਨਿਰਮਾਣ ਸ਼ੁਰੂ ਨਾ ਹੋਣ ਕਾਰਨ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ। ਨਾਇਬ ਤਹਿਸੀਲਦਾਰ ਮਾਜਰੀ ਨਾਲ ਮੁਲਾਕਾਤ ਕਰਨ ਉਪਰੰਤ ਸ੍ਰੀ ਕੰਗ ਨੇ ਦੱਸਿਆ ਕਿ ਉਨ੍ਹਾਂ ਨੇ ਮਰਹੂਮ ਬੇਅੰਤ ਸਿੰਘ ਦੀ ਸਰਕਾਰ ਵੇਲੇ ਮਾਜਰੀ ਸਬ-ਤਹਿਸੀਲ ਬਣਾਈ ਸੀ। ਤਿੰਨ ਦਹਾਕਿਆਂ ਤੋਂ ਹੀ ਮਾਜਰੀ ਦੀ ਸਬ-ਤਹਿਸੀਲ ਬੀਡੀਪੀਓ ਦਫ਼ਤਰ ਕੰਪਲੈਕਸ ਵਿੱਚ ਹੀ ਚੱਲ ਰਹੀ ਹੈ। ਇਸ ਕਾਰਨ ਜਿੱਥੇ ਦਫ਼ਤਰੀ ਕੰਮ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਲੋਕਾਂ ਨੂੰ ਵੀ ਸਮੱਸਿਆ ਆ ਰਹੀ ਹੈ। ਸ੍ਰੀ ਕੰਗ ਨੇ ਕਿਹਾ ਕਿ ਸਬ ਤਹਿਸੀਲ ਦੀ ਇਮਾਰਤ ਦੇ ਨਿਰਮਾਣ ਲਈ ਪਿਛਲੀ ਕਾਂਗਰਸ ਦੀ ਸਰਕਾਰ ਸਮੇਂ ਬੀਡੀਪੀਓ ਕੰਪਲੈਕਸ ਦੇ ਪਿਛਲੇ ਪਾਸੇ ਚਾਰ ਕਨਾਲ ਜ਼ਮੀਨ ਵੀ ਉਨ੍ਹਾਂ ਨੇ ਉਪਲਬਧ ਕਰਵਾ ਦਿੱਤੀ ਸੀ ਪਰ ਫਿਰ ਵੀ ਵਿਭਾਗਾਂ ਤੇ ਅਧਿਕਾਰੀਆਂ ਵਿਚਕਾਰ ਤਾਲਮੇਲ ਦੀ ਘਾਟ ਕਾਰਨ ਸਬ ਤਹਿਸੀਲ ਦੀ ਇਮਾਰਤ ਦਾ ਨਿਰਮਾਣ ਸ਼ੁਰੂ ਹੀ ਨਹੀਂ ਹੋ ਸਕਿਆ।
ਸ੍ਰੀ ਕੰਗ ਨੇ ਮਾਲ ਮੰਤਰੀ, ਐੱਫਸੀਆਰ ਅਤੇ ਡੀਸੀ ਤੋਂ ਮੰਗ ਕੀਤੀ ਹੈ ਕਿ ਉਹ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਉਣ।