ਇੱਥੋਂ ਦੇ ਡੀ ਏ ਵੀ ਕਾਲਜ ਸੈਕਟਰ-10 ਵਿੱਚ ਅੱਜ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਕਾਲਜ ਵਿੱਚ ਮੁੱਢਲੀਆਂ ਸਹੂਲਤਾਂ ਦੀ ਘਾਟ ਹੈ। ਭਾਰੀ ਜੁਰਮਾਨੇ ਅਤੇ ਵਾਧੂ ਫੀਸਾਂ ਵਸੂਲੀਆਂ ਜਾ ਰਹੀਆਂ ਹਨ।
ਜਾਣਕਾਰੀ ਅਨੁਸਾਰ ਡੀ ਏ ਵੀ ਕਾਲਜ ਵਿੱਚ ਸਟੂਡੈਂਟ ਫਰੰਟ ਦੇ ਮੈਂਬਰਾਂ ਨੇ ਦੁਪਹਿਰ ਵੇਲੇ ਕਾਲਜ ਕੰਪਲੈਕਸ ਦੇ ਸ਼ੌਰਿਆ ਭਵਨ ਸਾਹਮਣੇ ਧਰਨਾ ਦਿੱਤਾ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਵਿਦਿਆਰਥੀ ਆਗੂ ਗੁਰਜੋਤ ਚਾਹਲ ਨੇ ਦੋਸ਼ ਲਾਇਆ ਕਿ ਕਾਲਜ ਪ੍ਰਬੰਧਕਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਜੁਰਮਾਨਾ ਤਿੰਨ ਗੁਣਾਂ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜੁਰਮਾਨੇ ਵਿੱਚ ਮਾਮੂਲੀ ਰਾਹਤ ਲੈਣ ਲਈ ਵੀ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਦੇ ਚੱਕਰ ਕੱਟਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਫੀਸਾਂ ਵਿੱਚ ਵੱਧ ਤੋਂ ਵੱਧ 9 ਫ਼ੀਸਦੀ ਤੱਕ ਹੀ ਵਾਧਾ ਕੀਤਾ ਜਾ ਸਕਦਾ ਹੈ ਪਰ ਕਾਲਜ ਨੇ ਪਿਛਲੇ ਸਾਲ ਮਾਸਟਰ ਡਿਗਰੀ ਕੋਰਸਾਂ ਵਿੱਚ 19 ਫ਼ੀਸਦੀ ਤੱਕ ਫੀਸ ਵਧਾਈ ਹੈ। ਪ੍ਰਦਰਸ਼ਨ ਵਿੱਚ ਸ਼ਾਮਲ ਵਿਦਿਆਰਥੀ ਅਰਜੁਨ ਸੈਣੀ ਨੇ ਕਿਹਾ ਕਿ ਵਾਈ-ਫਾਈ ਅਤੇ ਆਟੋਮੇਸ਼ਨ ਦੇ ਨਾਮ ’ਤੇ ਹਰ ਵਿਦਿਆਰਥੀ ਤੋਂ 2000 ਰੁਪਏ ਵਸੂਲੇ ਜਾ ਰਹੇ ਹਨ। ਇਸ ਦੇ ਬਾਵਜੂਦ ਸਹੂਲਤਾਂ ਨਾਂਮਾਤਰ ਹਨ।
ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਬਕਾਏ ਦੇਣੇ ਜ਼ਰੂਰੀ: ਰਜਿਸਟਰਾਰ
ਕਾਲਜ ਦੇ ਰਜਿਸਟਰਾਰ ਘਨਸ਼ਿਆਮ ਦੇਵ ਨੇ ਕਿਹਾ ਕਿ ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਬਕਾਏ ਦੀ ਅਦਾਇਗੀ ਲਾਜ਼ਮੀ ਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੂਜੇ ਕਾਲਜਾਂ ਦੇ ਮੁਕਾਬਲੇ ਫੀਸਾਂ ਘੱਟ ਹਨ ਅਤੇ ਜੋ ਵਿਦਿਆਰਥੀ ਆਪਣੀ ਸਮੱਸਿਆ ਲੈ ਕੇ ਆਉਂਦੇ ਹਨ, ਉਨ੍ਹਾਂ ਦੇ ਮਾਮਲੇ ਵਿੱਚ ਰਾਹਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਰਾਹੀਂ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ।

