ਖੇਤੀ ਕਾਨੂੰਨਾਂ ਖ਼ਿਲਾਫ਼ ਰੋਹ ਪ੍ਰਚੰਡ

ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ

ਭਾਜਪਾ ਦਫ਼ਤਰ ਵੱਲ ਕੂਚ ਕਰਦੇ ਐੱਨਐੱਸਯੂਆਈ ਦੇ ਕਾਰਕੁਨਾਂ ਨੂੰ ਪੁਲੀਸ ਨੇ ਰੋਕਿਆ

ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਨ ਦੀ ਤਿਆਰੀ ਕਰਦੇ ਹੋਏ ਵਿਦਿਆਰਥੀ।

ਕੁਲਦੀਪ ਸਿੰਘ
ਚੰਡੀਗੜ੍ਹ, 3 ਦਸੰਬਰ

ਕਿਸਾਨ ਅੰਦੋਲਨ ਦੇ ਹੱਕ ਵਿੱਚ ਅੱਜ ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਆਈ. ਦੀ ਪੰਜਾਬ ਯੂਨੀਵਰਸਿਟੀ ਇਕਾਈ ਵੱਲੋਂ ਰੌਬੀ ਸਿੱਧੂ ਦੀ ਅਗਵਾਈ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਸੈਕਟਰ-35 ਸਥਿਤ ਕਾਂਗਰਸ ਭਵਨ ਦਫ਼ਤਰ ਤੋਂ ਸੈਕਟਰ-33 ਸਥਿਤ ਭਾਜਪਾ ਦੇ ਦਫ਼ਤਰ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਲੈ ਕੇ ਰੋਸ ਮਾਰਚ ਕਰ ਰਹੇ ਵਿਦਿਆਰਥੀਆਂ ਨੂੰ ਸੈਕਟਰ-35 ਦੀਆਂ ਲਾਈਟਾਂ ’ਤੇ ਪੁਲੀਸ ਨੇ ਰੋਕ ਲਿਆ। ਵਿਦਿਆਰਥੀਆਂ ਨੇ ਉਥੇ ਹੀ ਰੁਕ ਕੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ਇਸੇ ਦੌਰਾਨ ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਅਧਿਆਪਕ 4 ਦਸੰਬਰ ਤੋਂ ਦਿੱਲੀ ਕੂਚ ਕਰਨਗੇ।

ਖੂਨ ਨਾਲ ਲਿਖਿਆ ਪੱਤਰ ਮੋਦੀ ਨੂੰ ਭੇਜਿਆ

ਵਿਦਿਆਰਥੀ ਆਗੂ ਸਚਿਨ ਗਾਲਵ, ਪ੍ਰਦੀਪ ਗੁੱਜਰ, ਨਿਖਿਲ ਤੇ ਰੀਤਇੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸਰਿੰਜਾਂ ਨਾਲ ਆਪਣਾ ਖੂਨ ਕੱਢ ਕੇ ਪ੍ਰਧਾਨ ਮੰਤਰੀ ਦੇ ਪੱਤਰ ਭੇਜਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਅਜਿਹਾ ਨਹੀਂ ਕਰਦੀ, ਉਦੋਂ ਤੱਕ ਵਿਦਿਆਰਥੀ ਵੀ ਹਰ ਰੋਜ਼ ਰੋਸ ਪ੍ਰਦਰਸ਼ਨ ਕਰਨਗੇ ਅਤੇ ਕਿਸਾਨੀ ਅੰਦੋਲਨ ਨੂੰ ਭਰਵਾਂ ਸਮਰਥਨ ਜਾਰੀ ਰੱਖਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All