ਕੁਲਦੀਪ ਸਿੰਘ
ਚੰਡੀਗੜ੍ਹ, 7 ਅਗਸਤ
ਪੰਜਾਬ ਯੂਨੀਵਰਸਿਟੀ ਵਿਖੇ ਅੱਜ ਉਸ ਸਮੇਂ ਖੂਬ ਹੰਗਾਮਾ ਹੋਇਆ ਜਦੋਂ ’ਵਰਸਿਟੀ ਦੀ ਵਿਦਿਆਰਥੀ ਕਾਉਂਸਿਲ ਵੱਲੋਂ ਪੀ.ਐਸ.ਯੂ. (ਲਲਕਾਰ), ਆਈਸਾ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਇਨਸੋ, ਪੂਸੂ, ਐਸ.ਐਫ.ਐਸ., ਸੋਪੂ, ਸੋਈ, ਐਨ.ਐਸ.ਯੂ.ਆਈ., ਯੂਥ ਫਾਰ ਸਵਰਾਜ ਵਿਦਿਆਰਥੀ ਜਥੇਬੰਦੀਆਂ ਦੇ ਨਾਲ ਸਾਂਝੇ ਤੌਰ ’ਤੇ ਸਮੈਸਟਰ ਫੀਸਾਂ ਮੁਆਫ਼ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਪ੍ਰਬੰਧਕੀ ਬਲਾਕ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦੇ ਵਧ ਰਹੇ ਰੋਸ ਨੂੰ ਦੇਖ ਕੇ ਅਥਾਰਟੀ ਵੱਲੋਂ ਮੌਕੇ ’ਤੇ ਪੁਲੀਸ ਵੀ ਬੁਲਾ ਲਈ ਜਿਸ ਦੌਰਾਨ ਵਿਦਿਆਰਥੀਆਂ ਦੀਆਂ ਪੁਲੀਸ ਅਤੇ ਪੀ.ਯੂ. ਦੀ ਸਕਿਊਰਿਟੀ ਨਾਲ ਝੜਪਾਂ ਵੀ ਹੋਈਆਂ। ਇਨ੍ਹਾਂ ਝੜਪਾਂ ਵਿੱਚ ਇੱਕ ਮਹਿਲਾ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਈ ਜਿਸ ਨੂੰ ਹਸਪਤਾਲ ਲਿਜਾਇਆ ਗਿਆ।
ਆਗੂਆਂ ਨੇ ਕਿਹਾ ਕਿ ਪੀਯੂ ਅਥਾਰਟੀ ਵੱਲੋਂ ਵਿਦਿਆਰਥੀਆਂ ਕੋਲੋਂ ਸਮੈਸਟਰ ਫੀਸਾਂ ਲੈਣ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ ਜਦਕਿ ਕਰੋਨਾ ਦੌਰ ਵਿੱਚ ਨਾ ਤਾਂ ਪੜ੍ਹਾਈ ਹੋਈ ਹੈ ਅਤੇ ਕੰਮ ਧੰਦੇ ਬੰਦ ਹੋਣ ਕਾਰਨ ਮਾਪਿਆਂ ਕੋਲ ਫੀਸਾਂ ਲਈ ਪੈਸੇ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਥਾਰਟੀ ਵੱਲੋਂ ਫੀਸਾਂ ਮੁਆਫ਼ ਨਹੀਂ ਕਰ ਦਿੱਤੀਆਂ ਜਾਂਦੀਆਂ, ਉਦੋਂ ਤੱਕ ਉਹ ਸੰਘਰਸ਼ ਕਰਦੇ ਰਹਿਣਗੇ।
ਫੀਸ ਕਮੇਟੀ ਵਿੱਚ ਮੁੱਦਾ ਵਿਚਾਰਨ ਦੇ ਭਰੋਸੇ ਉਪਰੰਤ ਖ਼ਤਮ ਹੋਇਆ ਪ੍ਰਦਰਸ਼ਨ
ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਪੀ.ਯੂ. ਅਥਾਰਟੀ ਵੱਲੋਂ ਉਨ੍ਹਾਂ ਨੂੰ ਭਲਕੇ 8 ਅਗਸਤ ਨੂੰ ਸਿੰਡੀਕੇਟ ਵੱਲੋਂ ਬਣਾਈ ਗਈ ਫੀਸ ਕਮੇਟੀ ਦੀ ਮੀਟਿੰਗ ਵਿੱਚ ਇਹ ਮੁੱਦਾ ਵਿਚਾਰਨ ਦਾ ਭਰੋਸਾ ਦਿੱਤਾ ਗਿਆ ਹੈ ਜਿਸ ਦੌਰਾਨ ਅੱਜ ਦਾ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ।