ਕੁਲਦੀਪ ਸਿੰਘ
ਚੰਡੀਗੜ੍ਹ, 1 ਸਤੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਛੇ ਸਤੰਬਰ ਨੂੰ ਵਿਦਿਆਰਥੀ ਕਾਊਂਸਿਲ ਚੋਣਾਂ ਵਾਸਤੇ ਪ੍ਰਧਾਨਗੀ ਦੇ ਅਹੁਦੇ ਲਈ ਵੱਖ-ਵੱਖ ਪਾਰਟੀਆਂ ਦੇ ਕੁੱਲ ਨੌਂ ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਪ੍ਰਧਾਨਗੀ ਲਈ ਸੀਵਾਈਐੱਸਐੱਸ ਤੋਂ ਦਵਿਿਆਂਸ਼ ਠਾਕੁਰ, ਪੂਸੂ ਤੋਂ ਦਵਿੰਦਰਪਾਲ ਸਿੰਘ, ਐੱਨਐੱਸਯੂਆਈ ਤੋਂ ਜਤਿੰਦਰ ਸਿੰਘ, ਪੀਐੱਸਯੂ ਲਲਕਾਰ ਤੋਂ ਮਨਿਕਾ ਛਾਬੜਾ, ਐੱਚਐੱਸਏ ਤੋਂ ਕੁਲਦੀਪ ਸਿੰਘ, ਐੱਸਐੱਫਐੱਸ ਤੋਂ ਪ੍ਰਤੀਕ ਕੁਮਾਰ, ਏਬੀਵੀਪੀ ਤੋਂ ਰਾਕੇਸ਼ ਦੇਸ਼ਵਾਲ, ਐੱਸਓਆਈ ਤੋਂ ਯੁਵਰਾਜ ਗਰਗ ਅਤੇ ਇੱਕ ਅਜ਼ਾਦ ਉਮੀਦਵਾਰ ਸਕਸ਼ਮ ਸਿੰਘ ਚੋਣ ਮੈਦਾਨ ਵਿੱਚ ਹਨ।
ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਸਾਰੇ ਅਹੁਦਿਆਂ ਦੇ ਉਮੀਦਵਾਰਾਂ ਦੀ ਅੱਜ ਜਾਰੀ ਕੀਤੀ ਗਈ ਫਾਈਨਲ ਲਿਸਟ ਮੁਤਾਬਕ ਮੀਤ ਪ੍ਰਧਾਨ, ਸਕੱਤਰ ਅਤੇ ਜੁਆਇੰਟ ਸਕੱਤਰ ਦੇ ਅਹੁਦਿਆਂ ਲਈ ਚਾਰ-ਚਾਰ ਉਮੀਦਵਾਰ ਚੋਣ ਲੜਨਗੇ। ਵੋਟਾਂ ਵਾਲੇ ਦਨਿ ਕੈਂਪਸ ਵਿੱਚ 179 ਬੂਥਾਂ ਉੱਤੇ ਸੈਕਟਰ-14 ਅਤੇ 25 ਸਥਿਤ ਦੋਵੇਂ ਕੈਂਪਸਾਂ ਦੇ ਕੁੱਲ 15,693 ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਕਾਊਂਸਿਲ ਚੋਣ ਤੋਂ ਇਲਾਵਾ ਪੀਯੂ ਦੇ 40 ਵਿਭਾਗਾਂ ਵਿੱਚ 58 ਡਿਪਾਰਟਮੈਂਟਲ ਰੀਪ੍ਰੈਜ਼ੈਂਟੇਟਵਿ (ਡੀ.ਆਰਜ਼.) ਨਿਰਵਿਰੋਧ ਚੁਣੇ ਜਾ ਚੁੱਕੇ ਹਨ ਜਦਕਿ ਬਾਕੀ ਰਹਿੰਦੇ 29 ਵਿਭਾਗਾਂ ਵਿੱਚ 68 ਡੀ.ਆਰਜ਼. ਦੀ ਚੋਣ ਲਈ ਵੋਟਿੰਗ ਹੋਵੇਗੀ।
ਐੱਸ.ਐੱਸ.ਪੀ. ਚੰਡੀਗੜ੍ਹ ਕੰਵਰਦੀਪ ਕੌਰ ਆਈ.ਪੀ.ਐੱਸ. ਵੱਲੋਂ ਵਿਦਿਆਰਥੀ ਕਾਊਂਸਿਲ ਚੋਣਾਂ ਦੇ ਮੱਦੇਨਜ਼ਰ ਦੇ ਅੱਜ ਪੀ.ਯੂ. ਕੈਂਪਸ ਸਥਿਤ ਡੀ.ਐੱਸ.ਡਬਲਿਯੂ. ਦਫ਼ਤਰ ਵਿਖੇ ਚੋਣ ਲੜ ਰਹੀਆਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੀਟਿੰਗ ਵਿੱਚ ਡੀ.ਐੱਸ.ਡਬਲਿਯੂ. ਪ੍ਰੋ. ਜਤਿੰਦਰ ਗਰੋਵਰ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅਕਤੂਬਰ ਮਹੀਨੇ ਤੱਕ ਧਾਰਾ-144 ਲਾਗੂ ਕੀਤੀ ਗਈ ਹੈ। ਇਸ ਲਈ ਚੋਣਾਂ ਸਬੰਧੀ ਕੋਈ ਵੀ ਰੈਲੀ ਜਾਂ ਵੱਡੀ ਮੀਟਿੰਗ ਕਰਨ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਕਿਸੇ ਵੀ ਵਿਦਿਆਰਥੀ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੋਣਾਂ ਤੱਕ ਕਿਸੇ ਵੀ ਬਾਹਰੀ ਵਿਅਕਤੀ ਨੂੰ ਕੈਂਪਸ ਵਿੱਚ ਆਉਣ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਸੇ ਵੀ ਪ੍ਰਕਾਰ ਦਾ ਜਾਇਜ਼ ਜਾਂ ਨਜਾਇਜ਼ ਅਸਲਾ ਕੈਂਪਸ ਵਿੱਚ ਨਹੀਂ ਲਿਆਉਣ ਦਿੱਤਾ ਜਾਵੇਗਾ। ਚੋਣ ਪ੍ਰਚਾਰ ਲਈ ਸਿਰਫ਼ 5 ਵਿਅਕਤੀਆਂ ਨੂੰ ਹੀ ਗਰੁੱਪ ਵਜੋਂ ਘੁੰਮਣ ਦੀ ਇਜਾਜ਼ਤ ਹੋਵੇਗੀ।
ਅਥਾਰਿਟੀ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸੇ ਕਿਸਮ ਦੀ ਕੋਈ ਪਾਰਟੀ ਜਾਂ ਟਰਿੱਪ ਆਦਿ ਲਿਜਾਣ ਵਾਲੇ ਵਿਦਿਆਰਥੀ ਸੰਗਠਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਕਾਰ ਰੈਲੀ ਆਦਿ ਉਤੇ ਵੀ ਪਾਬੰਦੀ ਲਗਾਈ ਗਈ ਹੈ।