ਅਨਾਜ ਮੰਡੀ ਦੇ ਕਾਰੋਬਾਰੀਆਂ ਵੱਲੋਂ ਹੜਤਾਲ; ਦੁਕਾਨਾਂ ਬੰਦ

ਅਨਾਜ ਮੰਡੀ ਦੇ ਕਾਰੋਬਾਰੀਆਂ ਵੱਲੋਂ ਹੜਤਾਲ; ਦੁਕਾਨਾਂ ਬੰਦ

ਸੈਕਟਰ-26 ਦੀ ਅਨਾਜ ਮੰਡੀ ਵਿੱਚ ਬੰਦ ਪਈਆਂ ਦੁਕਾਨਾਂ। -ਫੋਟੋ: ਪ੍ਰਦੀਪ ਤਿਵਾੜੀ

ਮੁਕੇਸ਼ ਕੁਮਾਰ

ਚੰਡੀਗੜ੍ਹ, 22 ਸਤੰਬਰ  

ਚੰਡੀਗੜ੍ਹ ਦੀ ਮਾਰਕੀਟ ਕਮੇਟੀ ਵੱਲੋਂ ਇਥੇ ਸੈਕਟਰ-26 ਸਥਿਤ ਅਨਾਜ ਮੰਡੀ ਵਿੱਚ ਪੇਡ ਪਾਰਕਿੰਗ ਦੀਆਂ ਨਵੀਆਂ ਸ਼ਰਤਾਂ ਅਤੇ ਵਧਾਈ ਗਈ ਪਾਰਕਿੰਗ ਫੀਸ ਦੇ ਵਿਰੋਧ ਵਿੱਚ ਅੱਜ ਅਨਾਜ ਮੰਡੀ ਵਿੱਚ ਦੁਕਾਨਦਾਰਾਂ ਨੇ ਹੜਤਾਲ ਕੀਤੀ ਤੇ ਪੂਰੇ ਦਿਨ ਮਾਰਕੀਟ ਬੰਦ ਰਹੀ। ਮੰਡੀ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੇਡ ਪਾਰਕਿੰਗ ਦੀਆਂ ਨਵੀਆਂ ਸ਼ਰਤਾਂ ਅਤੇ ਵਧਾਈ ਗਈ ਪਾਰਕਿੰਗ ਫੀਸ ਨੂੰ ਵਾਪਸ ਲੈਣ ਦੀ ਮੰਗ ਕੀਤੀ। 

ਮਾਰਕੀਟ ਦੇ ਦੁਕਾਨਦਾਰਾਂ ਅਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕੋਵਿਡ-19 ਕਾਰਨ ਉਨ੍ਹਾਂ ਦਾ ਕੰਮਕਾਜ ਪਿਛਲੇ ਛੇ ਮਹੀਨਿਆਂ ਤੋਂ ਠੱਪ ਹੈ ਅਤੇ ਹੁਣ ਪ੍ਰਸ਼ਾਸਨ ਨੇ ਮਾਰਕੀਟ ਵਿੱਚ ਪੇਡ ਪਾਰਕਿੰਗ ਦੀਆਂ ਨਵੀਆਂ ਦਰਾਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਪਾਰਕਿੰਗ ਫੀਸ ਦੇ ਵਾਧੇ ਕਾਰਨ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੋਰ ਵਧਾਇਆ ਜਾ ਰਿਹਾ ਹੈ। ਸੈਕਟਰ-26 ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਕਰਨ ਗੁਪਤਾ ਨੇ ਕਿਹਾ ਕਿ ਕੋਵਿਡ ਦੇ ਦੌਰ ਵਿੱਚ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਰਾਹਤ ਦੇਣ ਦੀ ਬਜਾਏ ਹੋਰ ਵਾਧੂ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ ਘੰਟਿਆਂ ਦੇ ਹਿਸਾਬ ਨਾਲ ਲੱਗਣ ਵਾਲੀ ਪੇਡ ਪਾਰਕਿੰਗ ਨੂੰ ਲੈਕੇ ਉਥੇ ਗਾਹਕੀ ’ਤੇ ਅਸਰ ਪੈਣਾ ਲਾਜ਼ਮੀ ਹੈ ਅਤੇ ਇਸ ਨਾਲ ਪਹਿਲਾਂ ਤੋਂ ਹੀ ਮੰਦੀ ਦੀ ਮਾਰ ਸਹਿ ਰਹੇ ਵਪਾਰੀਆਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ। 

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਅਨਾਜ ਮੰਡੀ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਗਾਹਕ ਪਹੁੰਚਦੇ ਹਨ ਪਰ ਕੋਵਿਡ ਕਾਰਨ ਹੁਣ ਗਾਹਕ ਘੱਟ ਗਏ ਹਨ। 

ਭਾਜਪਾ ਵੱਲੋਂ ਹੜਤਾਲ ਦਾ ਸਮਰਥਨ

ਅਨਾਜ ਮੰਡੀ ਵਿੱਚ ਪੇਡ ਪਾਰਕਿੰਗ ਦਾ ਵਿਰੋਧ ਕਰ ਰਹੇ ਵਪਾਰੀਆਂ ਨੂੰ ਸਮਰਥਨ ਦੇਣ ਲਈ ਚੰਡੀਗੜ੍ਹ ਭਾਜਪਾ ਦੇ ਸਕੱਤਰ ਰਾਮਵੀਰ ਸਿੰਘ ਭੱਟੀ ਭਾਜਪਾ ਵਰਕਰਾਂ ਨਾਲ ਮੌਕੇ ’ਤੇ ਪਹੁੰਚੇ। ਊਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਨਾਜ ਮੰਡੀ ਦੀ ਪਾਰਕਿੰਗ ਦੇ ਨਵੇਂ ਟੈਂਡਰ ਨੂੰ ਰੱਦ ਕਰਕੇ ਇਥੇ ਪਾਰਕਿੰਗ ਲਈ ਪੁਰਾਣੀਆਂ ਦਰਾਂ ਹੀ ਲਾਗੂ ਕੀਤੀਆਂ ਜਾਣ। ਅਨਾਜ ਮੰਡੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਕਰਨ ਗੁਪਤਾ ਸਮੇਤ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਅੱਜ ਦੀ ਹੜਤਾਲ ਤੋਂ ਬਾਅਦ ਵੀ ਜੇਕਰ ਪ੍ਰਸ਼ਾਸਨ ਨੇ ਪੇਡ ਪਾਰਕਿੰਗ ਨੂੰ ਲੈਕੇ ਨਵੇਂ ਟੈਂਡਰ ਨੂੰ ਰੱਦ ਨਹੀਂ ਕੀਤਾ ਤਾਂ ਉਹ ਬੇਮਿਆਦੀ ਹੜਤਾਲ ’ਤੇ ਚਲੇ ਜਾਣਗੇ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਮੰਗ ਪੱਤਰ ਦਿੱਤਾ ਹੋਇਆ ਹੈ ਜਿਸ ਵਿੱਚ ਨਵੇਂ ਟੈਂਡਰ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All