ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਸ਼ਹਿਰ ਨੂੰ 30 ਸਤੰਬਰ ਤੱਕ ਨਸ਼ਾ ਮੁਕਤ ਕਰਨ ਲਈ ਦਿੱਤੀ ਡੈਡਲਾਈਨ ਤਹਿਤ ਚੰਡੀਗੜ੍ਹ ਪੁਲੀਸ ਦੇ ਨਾਲ-ਨਾਲ ਯੂ ਟੀ ਪ੍ਰਸ਼ਾਸਨ ਵੱਲੋਂ ਵੀ ਚਾਰਾਜੋਈ ਕੀਤੀ ਜਾ ਰਹੀ ਹੈ। ਅੱਜ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਵੱਲੋਂ ਸ਼ਹਿਰ ਦੀਆਂ ਕੈਮਿਸਟ ਐਸੋਸੀਏਸ਼ਨਾਂ ਦੇ ਆਗੂਆਂ ਅਤੇ ਹੋਰਨਾਂ ਦਵਾਈ ਵੇਚਣ ਵਾਲਿਆਂ ਨਾਲ ਮੀਟਿੰਗ ਕੀਤੀ।
ਸ੍ਰੀ ਬਰਾੜ ਨੇ ਮੀਟਿੰਗ ਵਿੱਚ ਆਦਤ ਪੈਦਾ ਕਰਨ ਵਾਲੀਆਂ ਦਵਾਈਆਂ ਅਤੇ ਨਸ਼ੀਲੀ ਗੋਲੀਆਂ ਦੀ ਗੈਰ ਕਾਨੂੰਨੀ ਢੰਗ ਨਾਲ ਵਿਕਰੀ ਬੰਦ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਨਸ਼ੀਲੀ ਗੋਲੀਆਂ ਜਾਂ ਕੈਪਸੂਲ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਸ੍ਰੀ ਬਰਾੜ ਨੇ ਕਿਹਾ ਕਿ ਯੂਟੀ ਪ੍ਰਸ਼ਾਸਕ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੁਲੀਸ, ਪ੍ਰਸ਼ਾਸਨ ਅਤੇ ਸਮਾਜ ਦੇ ਹਰ ਵਰਗ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਲਈ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਲਈ ਦਵਾਈ ਵਿਕਰੇਤਾਵਾਂ ਦੀ ਭੁਮਿਕਾ ਅਹਿਮ ਹੈ। ਇਸ ਲਈ ਸਾਰਿਆਂ ਨੂੰ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਲਈ ਅਗੇ ਆਉਣਾ ਚਾਹੀਦਾ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸਿਹਤ ਵਿਭਾਗ ਨੇ ਬਿਨਾਂ ਡਾਕਟਰੀ ਪਰਚੀ ਤੋਂ ਪ੍ਰੀਗੈਬਲਿਨ ਕੈਪਸੂਲ ਵੇਚਣ ਦੇ ਮਾਮਲੇ ਵਿੱਚ ਰਾਮਦਰਬਾਰ ਦੇ ਫੇਜ਼ 2 ਦੇ ਦਵਾਈ ਵੇਚਣ ਵਾਲੇ ਮੈਸਰਜ਼ ਨਿਊ ਸ਼ਿਵਮ ਮੈਡੀਕੋਸ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਸਿਹਤ ਵਿਭਾਗ ਨੇ 29 ਜੂਨ 2026 ਨੂੰ ਇਸ ਦਵਾਈ ਦੀ ਦੁਕਾਨ ’ਤੇ ਬਿਨਾਂ ਕਿਸੇ ਡਾਕਟਰੀ ਪਰਚੀ ਤੋਂ ਪ੍ਰੀਗੈਬਲਿਨ ਕੈਪਸੂਲ ਵੇਚਦੇ ਕਾਬੂ ਕੀਤਾ ਸੀ।

