ਸਪਿਰਟ ਮਾਮਲਾ: ਕੈਮੀਕਲ ਫੈਕਟਰੀਆਂ ’ਚ ਆਬਕਾਰੀ ਵਿਭਾਗ ਵੱਲੋਂ ਜਾਂਚ ਜਾਰੀ

ਸਪਿਰਟ ਮਾਮਲਾ: ਕੈਮੀਕਲ ਫੈਕਟਰੀਆਂ ’ਚ ਆਬਕਾਰੀ ਵਿਭਾਗ ਵੱਲੋਂ ਜਾਂਚ ਜਾਰੀ

ਫੈਕਟਰੀ ਵਿੱਚ ਜਾਂਚ ਕਰਦੇ ਪੁਲੀਸ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ। ਫੋਟੋ: ਰੂਬਲ

ਹਰਜੀਤ ਸਿੰਘ

ਡੇਰਾਬੱਸੀ, 10 ਅਗਸਤ

ਇਥੋਂ ਦੇ ਮੁਬਾਰਿਕਪੁਰ ਫੋਕਲ ਪੁਆਇੰਟ ਵਿੱਚ ਇਕ ਕੈਮੀਕਲ ਫੈਕਟਰੀ ਅਤੇ ਤਿੰਨ ਗੁਦਾਮਾਂ ਵਿੱਚੋਂ 27 ਹਜ਼ਾਰ 600 ਲੀਟਰ ਰਸਾਇਣ ਯੁਕਤ ਸਪਿਰਟ ਬਰਾਮਦ ਹੋਣ ਦੇ ਮਾਮਲੇ ਵਿੱਚ ਆਬਕਾਰੀ ਵਿਭਾਗ ਦੀ ਜਾਂਚ ਅੱਜ ਮੀਂਹ ਦੌਰਾਨ ਵੀ ਜਾਰੀ ਰਹੀ। ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਐਸ.ਆਈ.ਟੀ. ਦੀ ਵਿਸ਼ੇਸ਼ ਜਾਂਚ ਟੀਮ ਦੇ ਡੀ.ਐਸ.ਪੀ. ਬਿਕਰਮ ਸਿੰਘ ਬਰਾੜ ਸਾਰਾ ਦਿਨ ਡੇਰਾਬੱਸੀ ਪੁਲੀਸ ਸਟੇਸ਼ਨ ਵਿੱਚ ਮੁਲਜ਼ਮਾਂ ਤੋਂ ਪੁੱਛਗਿੱਛ ਵਿੱਚ ਜੁੱਟੇ ਰਹੇ। ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਦੀ ਜਾਂਚ ਦਾ ਮੁੱਖ ਟੀਚਾ ਇਹ ਜਾਣਨਾ ਹੈ ਕਿ ਉੱਕਤ ਵਿਅਕਤੀ ਤਿਆਰ ਕੈਮੀਕਲ ਨੂੰ ਕਿਥੇ ਵੇਚਦੇ ਸੀ। ਵਿਭਾਗ ਦੇ ਅਧਿਕਾਰੀ ਅੱਜ ਵਰ੍ਹਦੇ ਮੀਂਹ ਵਿੱਚ ਬਰਾਮਦ ਕੀਤੇ ਡਰੰਮਾਂ ਨੂੰ ਸੀਲ ਕਰਨ ਵਿੱਚ ਜੁਟੇ ਰਹੇ। ਦੂਜੇ ਪਾਸੇ ਪੁਲੀਸ ਵੱਲੋਂ ਮੁਲਜ਼ਮਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਕੱਲ੍ਹ ਮੁੜ ਤੋਂ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਦੀ ਪੇਸ਼ਕਸ਼ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਆਬਕਾਰੀ ਵਿਭਾਗ ਅਤੇ ਐਸਆਈਟੀ ਦੇ ਸਾਂਝੀ ਛਾਪੇਮਾਰੀ ਦੌਰਾਨ ਐਲੀਕੈਮ ਕੈਮੀਕਲ ਦੇ ਡਾਇਰੈਕਟਰ ਐਮ.ਪੀ. ਸਿੰਘ ਅਤੇ ਏ.ਕੇ. ਚੌਧਰੀ, ਓਮ ਸੋਲਵੈਂਸੀ ਦੇ ਡਾਇਰੈਕਟਰ ਗੌਰਵ ਚੌਧਰੀ ਅਤੇ ਸੋਲਿਊਸ਼ਨ ਸੋਲਵੈਂਸੀ ਦੇ ਡਾਇਰੈਕਟਰ ਜਗਮੋਹਣ ਅਰੋੜਾ ਦੇ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ।

ਵਿਭਾਗ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਬਿੰਨੀ ਕੈਮੀਕਲ ਦੇ ਮਾਲਕ ਅਤੇ ਮੁੱਖ ਮੁਲਜ਼ਮ ਵੱਲੋਂ ਇਹ ਮਾਲ ਲੰਘੇ ਕੱਲ੍ਹ ਫੜੀ ਗਈ ਐਲੀਕੈਮ ਕੈਮੀਕਲਜ਼ ਵੱਲੋਂ ਖਰੀਦ ਕੀਤਾ ਜਾਂਦਾ ਸੀ। ਇਸ ਸੂਚਨਾ ਮਗਰੋਂ ਵਿਭਾਗ ਵੱਲੋਂ ਇਥੇ ਰੇਡ ਕੀਤੀ ਗਈ ਜਿਸ ਦੌਰਾਨ ਵਿਭਾਗ ਨੂੰ ਸਪਿਰਟ ਦੀ ਖੇਪ ਬਰਾਮਦ ਹੋਈ। ਇਹ ਖੇਪ ਉੱਕਤ ਕੈਮੀਕਲ ਕੰਪਨੀ ਤੋਂ ਇਲਾਵਾ ਵੱਖ ਵੱਖ ਤਿੰਨ ਗੁਦਾਮਾਂ ਵਿੱਚੋਂ ਬਰਾਮਦ ਹੋਈ ਹੈ।

ਵਿਭਾਗ ਨੇ ਆਪਣੀ ਜਾਂਚ ਵਿੱਚ ਸਿੱਟਾ ਕੱਢਿਆ ਹੈ ਕਿ ਬਿੰਨੀ ਕੈਮੀਕਲ ਦਾ ਮਾਲਕ ਇਥੋਂ ਮਾਲ ਖਰੀਦ ਕਰ ਅੱਗੇ ਵੇਚਦਾ ਸੀ ‘ਤੇ ਇਹ ਕੰਪਨੀਆਂ ਵੱਡੀਆਂ ਕੰਪਨੀਆਂ ਤੋਂ ਨਿਕਲਣ ਵਾਲਾ ਵੇਸਟ ਕੈਮੀਕਲ ਲੈ ਕੇ ਉਸ ਨੂੰ ਟ੍ਰੀਟ ਕਰਦਿਆਂ ਸਨ। ਵਿਭਾਗ ਹੁਣ ਇਹ ਜਾਂਚ ਕਰ ਰਹੀ ਹੈ ਕਿ ਉਕਤ ਕੰਪਨੀਆਂ ਤੋਂ ਵੇਸਟ ਨੂੰ ਟ੍ਰੀਟ ਕਰਨ ਮਗਰੋਂ ਇਸ ਕੈਮੀਕਲ ਦਾ ਕੀ ਕਰਦੀਆਂ ਸਨ।

ਗੱਲ ਕਰਨ ’ਤੇ ਆਬਕਾਰੀ ਵਿਭਾਗ ਵੱਲੋਂ ਰੇਡ ਦੀ ਅਗਵਾਈ ਕਰ ਰਹੇ ਜੁਆਇੰਟ ਕਮਿਸ਼ਨਰ ਨਰੇਸ਼ ਦੁੂਬੇ ਨੇ ਕਿਹਾ ਮਾਮਲੇ ਦੀ ਜਾਂਚ ਜਾਰੀ ਹੈ ਜਿਸ ਕਾਰਨ ਹਾਲੇ ਵਿਭਾਗ ਦੇ ਅਧਿਕਾਰੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All