ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 13 ਅਗਸਤ
ਮੁਹਾਲੀ ਕੌਮਾਂਤਰੀ ਏਅਰਪੋਰਟ ਚੌਕ ਨੇੜੇ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਕੇ ਹੋ ਗਈ। ਮ੍ਰਿਤਕ ਦੀ ਪਛਾਣ ਹਿਤੇਸ਼ ਵਾਲੀਆ (30) ਵਾਸੀ ਪਿੰਜੌਰ ਵਜੋਂ ਹੋਈ ਹੈ। ਕਾਰ ਵਿੱਚ ਉਸ ਦੀ ਦੋਸਤ ਔਰਤ ਵੀ ਸਵਾਰ ਸੀ, ਜੋ ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ। ਜਾਂਚ ਅਧਿਕਾਰੀ ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਹਿਤੇਸ਼ ਵਾਲੀਆ ਕੁਰਾਲੀ ਵਿੱਚ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ। ਉਹ ਅੱਜ ਸਵੇਰੇ ਤੜਕੇ ਕਰੀਬ 3 ਵਜੇ ਆਪਣੀ ਸਵਿਫ਼ਟ ਡਿਜ਼ਾਈਰ ਕਾਰ ਵਿੱਚ ਜ਼ੀਰਕਪੁਰ ਵਾਲੇ ਪਾਸਿਓਂ ਮੁਹਾਲੀ ਆ ਰਿਹਾ ਸੀ। ਕਾਰ ਵਿੱਚ ਇਕ ਔਰਤ ਵੀ ਸਵਾਰ ਸੀ, ਜੋ ਮਰਨ ਵਾਲੇ ਦੀ ਦੋਸਤ ਦੱਸੀ ਜਾ ਰਹੀ ਹੈ।
ਪੁਲੀਸ ਅਨੁਸਾਰ ਕਾਰ ਦੀ ਰਫ਼ਤਾਰ ਕਾਫੀ ਤੇਜ਼ ਹੋਣ ਕਾਰਨ ਅਚਾਨਕ ਬੇਕਾਬੂ ਹੋਈ ਕਾਰ ਏਅਰਪੋਰਟ ਸੜਕ ’ਤੇ ਫੁੱਟਪਾਥ ਨਾਲ ਟਕਰਾਉਣ ਉਪਰੰਤ ਕਈ ਪਲਟੀਆਂ ਖਾਂਦੇ ਹੋਏ ਦੂਜੇ ਪਾਸੇ ਜਾ ਕੇ ਸੜਕ ’ਤੇ ਪਲਟ ਗਈ। ਇਸ ਦੌਰਾਨ ਕਾਰ ਦੀ ਤਾਕੀ ਖੁੱਲ੍ਹਣ ਕਾਰਨ ਚਾਲਕ ਹਤੀਸ਼ ਵਾਲੀਆ ਸੜਕ ’ਤੇ ਡਿੱਗ ਗਿਆ ਅਤੇ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਨਾਲ ਵਾਲੀ ਸੀਟ ’ਤੇ ਬੈਠੀ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਉਹ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਔਰਤ ਬਿਆਨ ਦੇਣ ਦੇ ਕਾਬਲ ਨਹੀਂ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਬਹਾਦਰ ਸਿੰਘ ਦੇ ਬਿਆਨਾਂ ’ਤੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ।