ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਪੀ ਸੀ ਏ ਸਟੇਡੀਅਮ ਵਿੱਚ ਹੋਏ ਆਈ ਪੀ ਐੱਲ ਦੇ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰੌਇਲਜ਼ ਵਿਚਾਲੇ ਹੋਏ ਮੈਚ ਦਾ ਹਜ਼ਾਰਾਂ ਦਰਸ਼ਕਾਂ ਨੇ ਸੁਹਾਵਣੇ ਮੌਸਮ ਦੌਰਾਨ ਖੂਬ ਆਨੰਦ ਮਾਣਿਆ। ਸਰਕਾਰੀ ਹਾਈ ਸਕੂਲ ਹੁਲਕਾ, ਸਰਕਾਰੀ ਹਾਈ ਸਕੂਲ ਫਾਂਟਵਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਸਮੇਤ ਕਈ ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਮੁਫ਼ਤ ਵਿੱਚ ਮੈਚ ਦਾ ਆਨੰਦ ਮਾਣਿਆ।
ਪੰਜਾਬ ਦੀ ਟੀਮ ਦਾ ਦਰਸ਼ਕਾਂ ਨੇ ਖੂਬ ਸਮਰਥਨ ਕੀਤਾ। ਮੈਚ ਦੀ ਸਟੇਡੀਅਮ ਵਿੱਚ ਦਰਸ਼ਕਾਂ ਲਈ ਕੁਮੈਂਟਰੀ ਕਰ ਰਹੇ ਕੁਮੈਂਟੇਟਰ ਵੱਲੋਂ ਮੈਚ ਦੀ ਸ਼ੁਰੂਆਤ ਮੌਕੇ ‘ਬੋਲੋ ਸੋ ਨਿਹਾਲ-ਸਤਿ ਸ੍ਰੀ ਅਕਾਲ ਦਾ ਜੈਕਾਰਾ’ ਵੀ ਬੁਲਾਇਆ ਗਿਆ। ਮੈਚ ਦੌਰਾਨ ਪੰਜਾਬੀ ਗੀਤ ਵੀ ਖੂਬ ਵੱਜਦੇ ਰਹੇ। ਇਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਕਿੰਗਜ਼ ਟੀਮ ਦੇ ਮਾਲਕ ਨੈੱਸ ਵਾਡੀਆ ਦੀ ਨਮ੍ਹੇ ਓਹੋ ਦਾਨ ਫਾਊਂਡੇਸ਼ਨ ਵੱਲੋਂ ਮੈਚ ਲਈ ਬੁਲਾਇਆ ਗਿਆ ਸੀ। ਸਬੰਧਿਤ ਫਾਊਂਡੇਸ਼ਨ ਵੱਲੋਂ ਹਰ ਮੈਚ ਵਿੱਚ ਵੱਖ-ਵੱਖ ਸਕੂਲਾਂ ਦੇ ਪੰਜ ਸੌ ਤੋਂ ਵਧੇਰੇ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਮੈਚ ਦੇਖਣ ਲਈ ਲਿਆਇਆ ਜਾਂਦਾ ਹੈ। ਸੰਸਥਾ ਵੱਲੋਂ ਇਨ੍ਹਾਂ ਵਿਦਿਆਰਥੀਆਂ ਲਈ ਮੁਫ਼ਤ ਬੱਸ ਦੀ ਸਹੂਲਤ ਤੋਂ ਇਲਾਵਾ ਪੰਜਾਬ ਕਿੰਗਜ਼ ਦੀਆਂ ਜਰਸੀਆਂ, ਟੋਪੀਆਂ ਆਦਿ ਵੀ ਮੁਹੱਈਆ ਕਰਵਾਈਆਂ ਗਈਆਂ।
ਦਰਸ਼ਕਾਂ ਵਿੱਚ ਪੰਜਾਬ ਕਿੰਗਜ਼ ਟੀਮ ਪ੍ਰਤੀ ਬੇਹੱਦ ਉਤਸ਼ਾਹ ਸੀ।
ਟੀਮ ਦੇ ਕਪਤਾਨ ਸ਼੍ਰੇਅਸ ਅਈਅਰ, ਪ੍ਰਭਸਿਮਰਨ ਸਿੰਘ ਅਤੇ ਗੇਂਦਬਾਜ਼ ਅਰਸ਼ਦੀਪ ਸਿੰਘ ਦੀਆਂ ਜਰਸੀਆਂ ਵਾਲੇ ਦਰਸ਼ਕਾਂ ਦੀ ਭਰਮਾਰ ਸੀ। ਮੈਚ ਸ਼ੁਰੂ ਹੋਣ ਤੋਂ ਤਿੰਨ ਘੰਟੇ ਪਹਿਲਾਂ ਹੀ ਦਰਸ਼ਕਾਂ ਦੀਆਂ ਸਟੇਡੀਅਮ ਗੇਟਾਂ ਅੱਗੇ ਲਾਈਨਾਂ ਲੱਗ ਗਈਆਂ। ਪਾਰਕਿੰਗਾਂ ਦੂਰ ਹੋਣ ਕਾਰਨ ਦਰਸ਼ਕਾਂ ਨੂੰ ਇੱਕ ਕਿਲੋਮੀਟਰ ਤੋਂ ਵੱਧ ਦੂਰੀ ਤੱਕ ਤੁਰ ਕੇ ਆਉਣਾ ਪਿਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਟੇਡੀਅਮ ਅਗਲੀ ਸੜਕ ਤੇ ਟਰੈਫ਼ਿਕ ਜਾਮ ਵਰਗੀ ਸਥਿਤੀ ਬਣੀ ਰਹੀ। ਆਟੋਆਂ ਵਾਲੇ ਅਤੇ ਰੇਹੜੀਆਂ ’ਤੇ ਸਾਮਾਨ ਵੇਚਣ ਵਾਲੇ ਆਵਾਜਾਈ ਵਿੱਚ ਅੜਿੱਕਾ ਬਣਦੇ ਰਹੇ। ਵੱਡੀ ਗਿਣਤੀ ਵਿਚ ਤਾਇਨਾਤ ਪੁਲੀਸ ਮੁਲਾਜ਼ਮ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯਤਨਸ਼ੀਲ ਰਹੇ। ਮੈਚ ਦੇਖਣ ਲਈ ਕਈਂ ਪੰਜਾਬੀ ਗਾਇਕ, ਰਾਜਨੀਤਿਕ ਆਗੂ ਤੇ ਪੀ ਸੀ ਏ ਦੇ ਅਹੁਦੇਦਾਰ ਵੀ ਮੌਜੂਦ ਰਹੇ।
ਟਿਕਟਾਂ ਦੀ ਕਾਲਾਬਾਜ਼ਾਰੀ ਕਾਰਨ ਦਰਸ਼ਕ ਖੁਆਰ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਚੰਨੀ): ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਪੰਜਾਬ ਅਤੇ ਰਾਜਸਥਾਨ ਰੌਇਲਜ਼ ਵਿਚਾਲੇ ਖੇਡੇ ਗਏ ਆਈ ਪੀ ਐੱਲ ਮੈਚ ਦੌਰਾਨ ਪ੍ਰਬੰਧਕੀ ਨਾਕਾਮੀਆਂ ਕਾਰਨ ਦਰਸ਼ਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਟਿਕਟ ਕਾਊਂਟਰਾਂ ’ਤੇ ਟਿਕਟਾਂ ਖ਼ਤਮ ਹੋਣ ਦਾ ਫਾਇਦਾ ਚੁੱਕਦਿਆਂ ਬਲੈਕੀਆਂ ਨੇ ਖੂਬ ਚਾਂਦੀ ਬਣਾਈ ਅਤੇ 2750 ਰੁਪਏ ਵਾਲੀ ਟਿਕਟ 3800 ਤੋਂ 4500 ਰੁਪਏ ਤੱਕ ਮਹਿੰਗੇ ਭਾਅ ਵੇਚੀ। ਸਟੇਡੀਅਮ ਦੇ ਬਾਹਰ ਨਾਕਿਆਂ ’ਤੇ ਵਾਹਨਾਂ ਦੀ ਚੈਕਿੰਗ ਕਾਰਨ ਲੰਮੇ ਟਰੈਫਿਕ ਜਾਮ ਲੱਗੇ ਰਹੇ ਜਿਸ ਕਾਰਨ ਦਰਸ਼ਕਾਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ। ਲੋਕਾਂ ਨੇ ਸ਼ਿਕਾਇਤ ਕੀਤੀ ਕਿ ਸਟੇਡੀਅਮ ਦੇ ਬਾਹਰ ਨਾ ਤਾਂ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਸੀ ਅਤੇ ਨਾ ਹੀ ਪਖਾਨਿਆਂ ਦੀ ਸਹੂਲਤ।

