ਨਿਊ ਚੰਡੀਗੜ੍ਹ ਸਥਿਤ ਪੀ ਸੀ ਏ ਕੌਮਾਂਤਰੀ ਕ੍ਰਿਕਟ ਸਟੇਡੀਅਮ ਨੇੜਲਾ ਸਮੁੱਚਾ ਖੇਤਰ ਅੱਜ ਕ੍ਰਿਕਟ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸਟੇਡੀਅਮ ਤੋਂ ਕਾਫ਼ੀ ਦੂਰ ਬਣਾਈਆਂ ਹੋਈਆਂ ਪਾਰਕਿੰਗਾਂ ਵਿੱਚ ਆਪਣੇ ਵਾਹਨ ਪਾਰਕ ਕਰ ਕੇ ਸਟੇਡੀਅਮ ਵੱਲ ਜਾਣ ਵਾਲੇ ਦਰਸ਼ਕਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ। ਹਜ਼ਾਰਾਂ ਦਰਸ਼ਕਾਂ ਨਾਲ ਖਚਾ-ਖਚ ਭਰੇ ਕ੍ਰਿਕਟ ਸਟੇਡੀਅਮ ਵਿੱਚ ਦਰਸ਼ਕਾਂ ਨੇ ਮੈਚ ਦਾ ਪੂਰਾ ਆਨੰਦ ਮਾਣਿਆ ਅਤੇ ਭੰਗੜੇ ਪਾ ਕੇ ਖ਼ਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਦੇ ਚੌਕਿਆਂ-ਛੱਕਿਆਂ ਦਾ ਨਜ਼ਾਰਾ ਤੱਕਣ ਆਏ ਦਰਸ਼ਕਾਂ ਵਿੱਚ ਉਦੋਂ ਨਿਰਾਸ਼ਾ ਨਜ਼ਰ ਆਈ, ਜਦੋਂ ਸ਼ੁਭਮਨ ਗਿੱਲ ਨੇ ਛੇ ਗੇਂਦਾਂ ਵਿੱਚ ਮਹਿਜ਼ ਇੱਕ ਦੌੜ ਅਤੇ ਵਿਰਾਟ ਕੋਹਲੀ ਪਹਿਲੀ ਹੀ ਗੇਂਦ ਵਿੱਚ ਬਿਨਾਂ ਕੋਈ ਦੌੜ ਬਣਾਏ ਜ਼ੀਰੋ ’ਤੇ ਆਊਟ ਹੋ ਗਏ। ਕੇ ਐੱਲ ਰਾਹੁਲ, ਜਿਨ੍ਹਾਂ 87 ਗੇਂਦਾਂ ਵਿੱਚ ਛੇ ਛੱਕਿਆਂ ਤੇ 10 ਚੌਕਿਆਂ ਵਿੱਚ ਬਿਨਾਂ ਆਊਟ ਹੋਇਆਂ 129 ਦੌੜਾਂ ਅਤੇ ਰੋਹਿਤ ਸ਼ਰਮਾ ਨੇ 92 ਦੌੜਾਂ ਬਣਾਈਆਂ।
ਸੁਹਾਵਣੇ ਮੌਸਮ ਵਿੱਚ ਸਟੇਡੀਅਮ ਵਿੱਚ ਅੱਜ ਖੇਡੇ ਗਏ ਪਹਿਲੇ ਪੁਰਸ਼ ਇੱਕ ਰੋਜ਼ਾ ਮੈਚ ਦੀ ਸ਼ੁਰੂਆਤ ਮੌਕੇ ਪੀ ਸੀ ਏ ਦੇ ਆਨਰੇਰੀ ਸਕੱਤਰ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਰਵਾਇਤੀ ਘੰਟੀ ਵਜਾ ਕੇ ਖੇਡ ਦਾ ਆਗਾਜ਼ ਕੀਤਾ। ਸਟੇਡੀਅਮ ਦੇ ਗੇਟ ਮੈਚ ਸ਼ੁਰੂ ਹੋਣ ਤੋਂ 2 ਘੰਟੇ ਪਹਿਲਾਂ ਦੁਪਹਿਰ ਬਾਰਾਂ ਵਜੇ ਖ਼ੋਲੇ ਜਾਣ ਕਾਰਨ ਦਰਸ਼ਕਾਂ ਨੂੰ ਅੰਦਰ ਜਾਣ ਵਿੱਚ ਸੌਖ ਰਹੀ। ਮੈਚ ਦੌਰਾਨ ਭਾਰਤੀ ਖਿਡਾਰੀਆਂ ਦੇ ਨਾਮ ਤੇ ਨੰਬਰ ਵਾਲੀਆਂ ਟੀ ਸ਼ਰਟਾਂ ਵੇਚਣ ਵਾਲੇ ਅਤੇ ਚਿਹਰੇ ’ਤੇ ਟੈਟੂ ਬਣਾਉਣ ਵਾਲੇ ਦੁਕਾਨਦਾਰਾਂ ਦੀ ਚਾਂਦੀ ਰਹੀ।
ਵੱਡੀ ਗਿਣਤੀ ਦਰਸ਼ਕਾਂ ਵੱਲੋਂ ਭਾਰਤੀ ਖਿਡਾਰੀਆਂ ਦੇ ਨੀਲੇ ਰੰਗ ਦੀਆਂ ਜਰਸੀਆਂ ਵਰਗੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ। ਫ਼ਿਲਮੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ, ਫ਼ਿਲਮੀ ਅਦਾਕਾਰ ਜਗਦੀਪ ਸੰਧੂ, ਫ਼ਿਲਮੀ ਗਾਇਕ ਤੇ ਅਦਾਕਾਰ ਰਵਨੀਤ ਸਿੰਘ ਸਮੇਤ ਕਈ ਹੋਰ ਫ਼ਿਲਮੀ ਅਦਾਕਾਰ ਵੀ ਮੈਚ ਵੇਖਣ ਲਈ ਪਹੁੰਚੇ ਹੋਏ ਸਨ।

