ਚੰਡੀਗੜ੍ਹ ਪੁਲੀਸ ਨੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਚੰਡੀਗੜ੍ਹ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ਸਕਦਾ ਸ਼ਹਿਰ ਵਿੱਚ ਨਸ਼ਿਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਚੰਡੀਗੜ੍ਹ ਪੁਲੀਸ ਦੇ ਸਾਰੇ ਥਾਣਿਆਂ ਦੀਆਂ ਵੱਖ-ਵੱਖ ਟੀਮਾਂ ਨੇ ਤਲਾਸ਼ੀ ਲਈ ਅਤੇ ਨਾਕੇ ਲਾ ਕੇ ਸ਼ੱਕੀ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ। ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਚਾਰ ਨੌਜਵਾਨਾਂ ਨੂੂੰ ਕਾਬੂ ਕਰ ਕੇ 30 ਗਰਾਮ ਹੈਰੋਇਨ ਬਰਾਮਦ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਅਪਰਾਧਕ ਪਿਛੋਕੜ ਵਾਲੇ ਮੁਲਜ਼ਮਾਂ ਤੋਂ ਪੁੱਛਗਿੱਛ ਲਈ ਬਾਪੂ ਧਾਮ ਕਲੋਨੀ, ਪਿੰਡ ਕਜਹੇੜੀ, ਬੁੜੈਲ, ਮਲੋਆ, ਮੌਲੀ ਜਾਗਰਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਵਿਸ਼ੇਸ਼ ਗਸ਼ਤ ਕੀਤੀ ਗਈ। ਪੁਲੀਸ ਨੇ ਵੱਖ-ਵੱਖ ਇਲਾਕਿਆਂ ਵਿੱਚ ਲੰਘੀ ਦੇਰ ਰਾਤ ਅਤੇ ਅੱਜ ਤੜਕੇ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲੀਸ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ 46 ਪੁਲੀਸ ਨਾਕੇ ਲਾਏ ਗਏ, ਜੋ ਕਿ ਸਾਰੀ ਰਾਤ ਜਾਰੀ ਰਹੇ। ਪੁਲੀਸ ਨਾਕਿਆਂ ’ਤੇ ਪੁਲੀਸ ਨੇ 1,233 ਵਾਹਨਾਂ ਅਤੇ ਤਿੰਨ ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ। ਇਸ ਤੋਂ ਇਲਾਵਾ ਪੁਲੀਸ ਨੇ ਸ਼ਹਿਰ ਵਿੱਚ ਨਸ਼ੀਲੇ ਪਦਾਰਥਾਂ ਦੇ 58 ਹੌਟਸਪੌਟਸ ’ਤੇ ਵਿਸ਼ੇਸ਼ ਕਾਰਵਾਈਆਂ ਕੀਤੀਆਂ ਗਈਆਂ। ਪੁਲੀਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 34 ਵਿਅਕਤੀਆਂ ਨੂੰ ਤਸਦੀਕ ਅਤੇ ਅਗਲੀ ਲੋੜੀਂਦੀ ਕਾਰਵਾਈ ਲਈ ਹਿਰਾਸਤ ਵਿੱਚ ਲਿਆ। ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਨਸ਼ੀਲੇ ਪਦਾਰਥ ਜਾਂ ਗੈਰ ਕਾਨੂੰਨੀ ਗਤੀਵੀਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

