‘ਦਿ ਬਰਡਸੌਂਗ’ ਦੀ ਚੰਡੀਗੜ੍ਹ ’ਚ ਵਿਸ਼ੇਸ਼ ਸਕਰੀਨਿੰਗ
ਵਾਤਾਵਰਨ ਪ੍ਰੇਮੀ ਸੰਦੀਪ ਧੌਲਾ ਵੱਲੋਂ ਚਿੜੀਆਂ ਲਈ ਲੱਕੜ ਦੇ ਆਲ੍ਹਣੇ ਬਣਾ ਕੇ ਰੁੱਖਾਂ ’ਤੇ ਟੰਗਣ ਦੇ ਪ੍ਰੇਰਨਾਦਾਇਕ ਕੰਮ ’ਤੇ ਅਧਾਰਿਤ 21 ਮਿੰਟ ਦੀ ਦਸਤਾਵੇਜ਼ੀ ‘ਦਿ ਬਰਡਸੌਂਗ’ ਦੀ ਅੱਜ ਵਿਸ਼ੇਸ਼ ਸਕਰੀਨਿੰਗ ਕੀਤੀ ਗਈ। ਇਸ ਦਸਤਾਵੇਜ਼ੀ ਫ਼ਿਲਮ ਨੂੰ ਸੁਚੇਤਾ ਫੁਲੇ ਅਤੇ ਅਰਨਾ...
ਵਾਤਾਵਰਨ ਪ੍ਰੇਮੀ ਸੰਦੀਪ ਧੌਲਾ ਵੱਲੋਂ ਚਿੜੀਆਂ ਲਈ ਲੱਕੜ ਦੇ ਆਲ੍ਹਣੇ ਬਣਾ ਕੇ ਰੁੱਖਾਂ ’ਤੇ ਟੰਗਣ ਦੇ ਪ੍ਰੇਰਨਾਦਾਇਕ ਕੰਮ ’ਤੇ ਅਧਾਰਿਤ 21 ਮਿੰਟ ਦੀ ਦਸਤਾਵੇਜ਼ੀ ‘ਦਿ ਬਰਡਸੌਂਗ’ ਦੀ ਅੱਜ ਵਿਸ਼ੇਸ਼ ਸਕਰੀਨਿੰਗ ਕੀਤੀ ਗਈ। ਇਸ ਦਸਤਾਵੇਜ਼ੀ ਫ਼ਿਲਮ ਨੂੰ ਸੁਚੇਤਾ ਫੁਲੇ ਅਤੇ ਅਰਨਾ ਵੋਹਰਾ ਨੇ ਨਿਰਦੇਸ਼ਤ ਕੀਤਾ ਹੈ।
ਇਹ ਦਸਤਾਵੇਜ਼ੀ ਫਿਲਮ ਸੰਦੀਪ ਧੌਲਾ ਦੇ ਪੰਜਾਬ ਦੇ ਪਿੰਡਾਂ ਦੀਆਂ ਫੇਰੀਆਂ ’ਤੇੇ ਆਧਾਰਿਤ ਹੈ। ਪੰਛੀਆਂ ਦੇ ਜੀਵਨ ਤੇ ਵਾਤਾਵਰਨ ’ਤੇ ਆਧਾਰਿਤ 21 ਮਿੰਟ ਦੀ ਇਸ ਫਿਲਮ ਵਿੱਚ ਪੰਜਾਬ ਵਿੱਚੋਂ ਅਲੋਪ ਹੋ ਰਹੀਆਂ ਪੰਛੀਆਂ ਦੀਆਂ ਪਰਜਾਤੀਆਂ ਨੂੰ ਦਰਸਾਇਆ ਤੇ ਉਨ੍ਹਾਂ ਦੀ ਸੰਭਾਲ ’ਤੇ ਜ਼ੋਰ ਦਿੱਤਾ ਗਿਆ ਹੈ।
ਸਕਰੀਨਿੰਗ ਉਪਰੰਤ ਫਿਲਮਸਾਜ਼ ਫੁਲੇ ਤੇ ਫਿਲਮ ਦੇ ਸਹਿ-ਨਿਰਮਾਤਾ ਤੇ ਗੀਤਕਾਰ ਸ਼ੈਲੀ ਨੇ ਦਰਸ਼ਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਚੰਡੀਗੜ੍ਹ ਤੋਂ ਥੀਏਟਰ ਦੀਆ ਪ੍ਰਮੁੱਖ ਸ਼ਖਸੀਅਤਾਂ, ਲੇਖਕ, ਅਦਾਕਾਰ ਅਤੇ ਕਾਰਕੁਨ ਮੌਜੂਦ ਸਨ।
ਫਿਲਮ ਦੇ ਨਿਰਦੇਸ਼ਕ ਸੁਚੇਤਾ ਫੂਲੇ ਤੇ ਅਰਨਾ ਵੋਹਨਾ ਨੇ ਕਿਹਾ ਕਿ ਪੰਛੀਆਂ ਨੂੰ ਲੋਪ ਹੁੰਦਿਆਂ ਦੇਖ ਕੇ ਉਨ੍ਹਾਂ ਦੇ ਜੀਵਨ ’ਤੇ ਡੂੰਘੀ ਖੋਜ ਕੀਤੀ ਗਈ ਹੈ। ਇਸ ਫਿਲਮ ਵਿੱਚ ਵਾਤਾਵਰਨ ਦੀ ਸੰਭਾਲ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ।
ਹਾਜ਼ਰੀਨ ਨੇ ਫਿਲਮ ਦੇ ਨਿਰਮਾਣ, ਰਸਮੀ ਅਤੇ ਗੈਰ-ਰਸਮੀ ਵੰਡ ਪ੍ਰਕਿਰਿਆਵਾਂ, ਦਸਤਾਵੇਜ਼ੀ ਨੂੰ ਪੰਜਾਬੀ ਅਤੇ ਹਿੰਦੀ ਵਿੱਚ ਡਬ ਕਰਨ ਦੀ ਵਾਧੂ ਲੋੜ, ਦਸਤਾਵੇਜ਼ੀ ਦਾ ਸੁਨੇਹਾ ਆਮ ਲੋਕਾਂ ਤੱਕ ਪੁੱਜਦਾ ਕਰਨ ਲਈ ਗੈਰ-ਸਰਕਾਰੀ ਸੰਗਠਨਾਂ ਤੱਕ ਆਊਟਰੀਚ ਅਤੇ ਸਹਿਯੋਗ ਆਦਿ ਨਾਲ ਸਬੰਧਤ ਅਹਿਮ ਸਵਾਲ ਪੁੱਛੇ।
ਫਿਲਸਮਾਜ਼ ਸੁਚੇਤਾ ਫੁਲੇ ਨੇ ਕਿਹਾ ਕਿ ਇਸ ਪ੍ਰਾਜੈਕਟ ਦੌਰਾਨ ਉਹ ਸੰਦੀਪ ਧੌਲਾ ਦੀ ਉਦਾਰ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਧੌਲਾ ਨੇ ਆਪਣੇ ਇਸ ਕੰਮ ਲਈ ਕਦੇ ਕਿਸੇ ਪੁਰਸਕਾਰ ਦੀ ਆਸ ਨਹੀਂ ਰੱਖੀ, ਉਹ ਸਿਰਫ਼ ਇੰਨਾ ਚਾਹੁੰਦਾ ਹੈ ਕਿ ਆਲ੍ਹਣੇ ਬਣਾ ਕੇ ਰੁੱਖਾਂ ’ਤੇ ਟੰਗਣ ਦਾ ਇਹ ਕੰਮ ਬੇਰੋਕ ਜਾਰੀ ਰਹੇ।
ਗੀਤਕਾਰ ਸ਼ੈਲੀ ਨੇ ਕਿਹਾ ਕਿ ਭਾਵੇਂ ਪਿੰਡਾਂ ਦੀ ਜ਼ਿੰਦਗੀ ਸਿਲਵਰ ਸਕਰੀਨ ’ਤੇ ਬਹੁਤ ਸੋਹਣੀ ਲੱਗਦੀ ਹੈ, ਪਰ ਦਸਤਾਵੇਜ਼ੀ ਨੂੰ ਸ਼ੂਟ ਕਰਨਾ ਅਤੇ ਤਾਲਮੇਲ ਬਣਾਉਣਾ ਇੱਕ ਔਖਾ ਅਮਲ ਸੀ। ਸ਼ੈਲੀ ਨੇ ਦਸਤਾਵੇਜ਼ੀ ਲਈ ‘ਏਕ ਚਿੜੀਆ’ ਲਿਖਿਆ ਹੈ।

