ਚੰਡੀਗੜ੍ਹ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸ਼ੁਰੂ
ਪਹਿਲੇ ਦਿਨ ਬੀ ਐੱਲ ਓਜ਼ ਨੇ ਘਰ-ਘਰ ਜਾ ਕੇ 37,410 ਫਾਰਮ ਵੰਡੇ; ਤਾਲਾਬੰਦ ਘਰਾਂ ਵਿੱਚ ਤਿੰਨ ਵਾਰ ਜਾਣਾ ਲਾਜ਼ਮੀ ਹੋਵੇਗਾ
ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਦਿਨ ਬੂਥ ਲੈਵਲ ਅਫ਼ਸਰਾਂ ਵੱਲੋਂ ਘਰ-ਘਰ ਜਾ ਕੇ 37,410 ਫਾਰਮ ਵੰਡੇ ਗਏ। ਇਨ੍ਹਾਂ ਫਾਰਮਾਂ ਨੂੰ ਭਰਵਾ ਕੇ ਬੀ ਐੱਲ ਓਜ਼ ਵੱਲੋਂ ਸਾਰੇ ਘਰਾਂ ਦੇ ਵੇਰਵੇ ਇਕੱਠੇ ਕੀਤੇ ਜਾਣਗੇ। ਚੰਡੀਗੜ੍ਹ ਵਿੱਚ ਅੱਜ ਤੋਂ ਸ਼ੁਰੂ ਹੋਈ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਕੰਮ 14 ਜੁਲਾਈ ਤੱਕ ਜਾਰੀ ਰਹੇਗਾ।
ਯੂ ਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ ਐੱਲ ਓਜ਼ ਵੱਲੋਂ ਘਰ-ਘਰ ਜਾ ਕੇ ਗਣਨਾ ਫਾਰਮ ਵੰਡੇ ਜਾਣਗੇ ਅਤੇ ਫਿਰ ਭਰੇ ਹੋਏ ਫਾਰਮ ਇਕੱਠੇ ਕੀਤੇ ਜਾਣਗੇ। ਹਰੇਕ ਵੋਟਰ ਨੂੰ ਫਾਰਮ ਦੀਆਂ ਦੋ ਕਾਪੀਆਂ ਦਿੱਤੀਆਂ ਜਾਣਗੀਆਂ ਅਤੇ ਲੋੜ ਪੈਣ ’ਤੇ ਫਾਰਮ ਭਰਨ ਵਿੱਚ ਮਦਦ ਵੀ ਕੀਤੀ ਜਾਵੇਗੀ। ਜਿਨ੍ਹਾਂ ਘਰਾਂ ਨੂੰ ਤਾਲਾ ਲੱਗਿਆ ਮਿਲੇਗਾ, ਉੱਥੇ ਬੀ ਐੱਲ ਓਜ਼ ਫਾਰਮ ਵਿਹੜੇ ਜਾਂ ਦਰਵਾਜ਼ੇ ਵਿੱਚ ਛੱਡ ਕੇ ਜਾਣਗੇ ਅਤੇ ਫਾਰਮ ਇਕੱਠੇ ਕਰਨ ਲਈ ਵੱਖ-ਵੱਖ ਤਰੀਕਾਂ ’ਤੇ ਘੱਟੋ-ਘੱਟ ਤਿੰਨ ਵਾਰ ਚੱਕਰ ਲਾਉਣਗੇ। ਵੋਟਰ ਆਪਣੇ ਭਰੇ ਹੋਏ ਫਾਰਮ ‘ਈ ਸੀ ਆਈ ਨੈੱਟ’ ਮੋਬਾਈਲ ਐਪ ਜਾਂ ਵੋਟਰਸ ਸਰਵਿਸ ਪੋਰਟਲ ਰਾਹੀਂ ਵੀ ਆਨਲਾਈਨ ਵੀ ਜਮ੍ਹਾਂ ਕਰਵਾ ਸਕਦੇ ਹਨ, ਜਿਨ੍ਹਾਂ ਦੀ ਤਸਦੀਕ ਬਾਅਦ ਵਿੱਚ ਬੀ ਐੱਲ ਓਜ਼ ਵੱਲੋਂ ਕੀਤੀ ਜਾਵੇਗੀ।
ਯੂ ਟੀ ਪ੍ਰਸ਼ਾਸਨ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਕੰਮ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ, ਬੂਥ ਲੈਵਲ ਏਜੰਟਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਐੱਸ ਆਈ ਆਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਹਾਇਤਾ ਲਈ ਵੋਟਰ ਆਪਣੇ ਬੀ ਐੱਲ ਓ ਨਾਲ ਸੰਪਰਕ ਕਰ ਸਕਦੇ ਹਨ ਜਾਂ ਈ ਸੀ ਆਈ ਨੈੱਟ ਐਪ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਵੋਟਰ ਹੈਲਪਲਾਈਨ ਨੰਬਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ, ਜੋ ਇਸ ਸੁਧਾਈ ਦੀ ਮਿਆਦ ਦੌਰਾਨ 24 ਘੰਟੇ ਕੰਮ ਕਰੇਗੀ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਹੈਲਪ ਡੈਸਕ ਵੀ ਸਥਾਪਤ ਕੀਤੇ ਗਏ ਹਨ।
2003 ਦੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਮੈਪਿੰਗ ਹੋਵੇਗੀ
ਚੋਣ ਵਿਭਾਗ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਾਲ 2003 ਦੀ ਵੋਟਰ ਸੂਚੀਆਂ ਦੇ ਆਧਾਰ ’ਤੇ ਮੈਪਿੰਗ ਕਰਾਉਣ। ਇਹ ਪੁਰਾਣਾ ਰਿਕਾਰਡ ਮੁੱਖ ਚੋਣ ਅਧਿਕਾਰੀ ਚੰਡੀਗੜ੍ਹ ਦੀ ਵੈੱਬਸਾਇਟ, ਈ ਸੀ ਆਈ ਨੈੱਟ ਐਪ ਜਾਂ ਵੋਟਰਸ ਪੋਰਟਲ ’ਤੇ ਉਪਲਬਧ ਹੈ। ਇਸ ਦੌਰਾਨ ਜਿਨਾਂ ਦੇ ਨਾਮ ਵੋਟਰ ਸੂਚੀਆਂ ਲਿੱਚ ਸ਼ਾਮਲ ਨਹੀਂ ਹਨ, ਉਹ ਨਵੀਂ ਵੋਟ ਵੀ ਫਾਰਮ ਨੰਬਰ 6 ਵੀ ਜਮ੍ਹਾਂ ਕਰਵਾ ਸਕਦੇ ਹਨ। ਇਨ੍ਹਾਂ ਅਰਜ਼ੀਆਂ ’ਤੇ 21 ਜੁਲਾਈ 2026 ਨੂੰ ਵੋਟਰ ਸੂਚੀ ਦੇ ਡਰਾਫਟ ਪ੍ਰਕਾਸ਼ਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

