DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sonam Bajwa on Stray Dogs: ‘ਬੇਜ਼ੁਬਾਨਾਂ ਨੂੰ ਨਾ ਮਾਰੋ’: ਸੋਨਮ ਬਾਜਵਾ ਵੱਲੋਂ ਮੁੱਖ ਮੰਤਰੀ ਮਾਨ ਨੂੰ ਅਵਾਰਾ ਕੁੱਤਿਆਂ ਖ਼ਿਲਾਫ਼ ਵਿੱਢੀ ਮੁਹਿੰਮ ’ਤੇ ਮੁੜ ਵਿਚਾਰ ਕਰਨ ਦੀ ਅਪੀਲ

ਪੰਜਾਬੀ ਅਦਾਕਾਰਾ ਨੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਬੁਨਿਆਦੀ ਢਾਂਚੇ ਅਤੇ ਸ਼ੈਲਟਰ ਹੋਮਜ਼ ’ਤੇ ਚੁੱਕੇ ਸਵਾਲ

  • fb
  • twitter
  • whatsapp
  • whatsapp
Advertisement

ਪੰਜਾਬ ਵਿੱਚ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਕੁੱਤਿਆਂ ਦੇ ਵੱਢਣ (ਡੌਗ ਬਾਈਟ) ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਅੱਜ ਤੋਂ ਵਿੱਢੀ ਗਈ ਵੱਡੀ ਮੁਹਿੰਮ ਦਰਮਿਆਨ ਇੱਕ ਨਵੀਂ ਸਿਆਸੀ ਤੇ ਸਮਾਜਿਕ ਬਹਿਸ ਛਿੜ ਗਈ ਹੈ। ਜਨਤਕ ਸੁਰੱਖਿਆ ਅਤੇ ਜੀਵ ਭਲਾਈ ਦੇ ਇਸ ਨਾਜ਼ੁਕ ਮੁੱਦੇ ’ਤੇ ਹੁਣ ਮਨੋਰੰਜਨ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਸਾਹਮਣੇ ਆਉਣ ਲੱਗੀਆਂ ਹਨ। ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਸਰਕਾਰ ਦੀ ਇਸ ਸਖ਼ਤ ਮੁਹਿੰਮ ’ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਕਾਰਵਾਈ ਨੂੰ ਗ਼ੈਰ-ਮਨੁੱਖੀ ਨਾ ਬਣਾਇਆ ਜਾਵੇ ਅਤੇ ਬੇਜ਼ੁਬਾਨਾਂ ਪ੍ਰਤੀ ਨਰਮੀ ਤੇ ਜ਼ਿੰਮੇਵਾਰੀ ਵਾਲਾ ਰਵੱਈਆ ਅਪਣਾਇਆ ਜਾਵੇ।

ਸੋਨਮ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਤੱਕ ਪਹੁੰਚ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਹਾਲੀਆ ਨਿਰਦੇਸ਼ਾਂ ਨੂੰ ਕਈ ਲੋਕਾਂ ਵੱਲੋਂ ਗ਼ਲਤ ਤਰੀਕੇ ਨਾਲ ਸਮਝਿਆ ਜਾ ਰਿਹਾ ਹੈ। ਅਦਾਕਾਰਾ ਨੇ ਸਪੱਸ਼ਟ ਕੀਤਾ, “ਮਾਨਯੋਗ ਅਦਾਲਤ ਨੇ ਸੰਵੇਦਨਸ਼ੀਲ ਜਨਤਕ ਥਾਵਾਂ ਤੋਂ ਕੁੱਤਿਆਂ ਨੂੰ ਨਿਯਮਬੱਧ ਤਰੀਕੇ ਨਾਲ ਹਟਾਉਣ, ਉਨ੍ਹਾਂ ਦੀ ਨਸਬੰਦੀ (ਸਟੈਰਲਾਈਜ਼ੇਸ਼ਨ), ਟੀਕਾਕਰਨ ਅਤੇ ਸ਼ੈਲਟਰ ਹੋਮਜ਼ ਵਿੱਚ ਰੱਖਣ ਦੀ ਗੱਲ ਕਹੀ ਹੈ, ਨਾ ਕਿ ਉਨ੍ਹਾਂ ਨੂੰ ਸੜਕਾਂ ਤੋਂ ਪੂਰੀ ਤਰ੍ਹਾਂ ਮਿਟਾ ਦੇਣ ਜਾਂ ਖ਼ਤਮ ਕਰ ਦੇਣ ਦਾ ਹੁਕਮ ਦਿੱਤਾ ਹੈ।”ਅਦਾਕਾਰਾ ਨੇ ਮੌਜੂਦਾ ਸਰਕਾਰੀ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦਿਆਂ ਪੁੱਛਿਆ ਕਿ ਕੀ ਸਾਡੇ ਸਿਸਟਮ ਕੋਲ ਐਨੀ ਵੱਡੀ ਮੁਹਿੰਮ ਨੂੰ ਜ਼ਿੰਮੇਵਾਰੀ ਨਾਲ ਸੰਭਾਲਣ ਦੀ ਸਮਰੱਥਾ ਹੈ? ਉਨ੍ਹਾਂ ਲਿਖਿਆ, “ਸਾਡੇ ਕੋਲ ਲੋੜੀਂਦੇ ਐਨੀਮਲ ਸ਼ੈਲਟਰ ਕਿੱਥੇ ਹਨ? ਉਨ੍ਹਾਂ ਦੇ ਮੁੜ-ਵਸੇਬੇ ਦਾ ਕੀ ਪ੍ਰਬੰਧ ਹੈ? ਇਹ ਕਾਰਵਾਈ ਕਿਸੇ ਵੀ ਕੀਮਤ ’ਤੇ ਬੇਜ਼ੁਬਾਨ ਜਾਨਵਰਾਂ ਲਈ ਮੌਤ ਦਾ ਫ਼ਰਮਾਨ ਨਹੀਂ ਬਣਨੀ ਚਾਹੀਦੀ। ਮਨੁੱਖੀ ਜਾਨਾਂ ਅਤੇ ਜਨਤਕ ਸੁਰੱਖਿਆ ਬੇਹੱਦ ਅਹਿਮ ਹਨ, ਪਰ ਇੱਕ ਸੱਭਿਅਕ ਸਮਾਜ ਹੋਣ ਦੇ ਨਾਤੇ ਸਾਡੀ ਜੀਵਾਂ ਪ੍ਰਤੀ ਦਇਆ ਅਤੇ ਜ਼ਿੰਮੇਵਾਰੀ ਵੀ ਉੱਨੀ ਹੀ ਮਾਇਨੇ ਰੱਖਦੀ ਹੈ। ਅਸੀਂ ਬੇਜ਼ੁਬਾਨਿਆਂ ਨਾਲ ਕਿਵੇਂ ਪੇਸ਼ ਆਉਂਦੇ ਹਾਂ, ਇਹੀ ਸਾਡੇ ਸਮਾਜ ਦੇ ਅਸਲ ਅਕਸ ਨੂੰ ਦਰਸਾਉਂਦਾ ਹੈ।”

Advertisement

Advertisement

ਸੋਨਮ ਬਾਜਵਾ ਨੇ ਸੁਝਾਅ ਦਿੱਤਾ ਕਿ ਇਸ ਸਮੱਸਿਆ ਦੇ ਸਥਾਈ ਹੱਲ ਲਈ ਨਗਰ ਨਿਗਮਾਂ, ਪਸ਼ੂ ਰੋਗਾਂ ਦੇ ਮਾਹਰਾਂ (ਡਾਕਟਰਾਂ), ਜੀਵ ਭਲਾਈ ਸੰਸਥਾਵਾਂ (NGOs) ਅਤੇ ਜਨਤਕ ਸੁਰੱਖਿਆ ਮਾਹਰਾਂ ਨੂੰ ਮਿਲ ਕੇ ਇੱਕ ਸਾਂਝੀ ਯੋਜਨਾ ਤਹਿਤ ਕੰਮ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਵਿੱਚ ਹੋਏ ਭਾਰੀ ਵਾਧੇ ਅਤੇ ਜਨਤਾ ਦੇ ਵਧਦੇ ਦਬਾਅ ਕਾਰਨ ਪੰਜਾਬ ਸਰਕਾਰ ਨੇ 22 ਮਈ (ਅੱਜ) ਤੋਂ ਰਾਜ ਵਿਆਪੀ ਅਵਾਰਾ ਕੁੱਤਾ ਪ੍ਰਬੰਧਨ ਮੁਹਿੰਮ ਦੀ ਅਧਿਕਾਰਤ ਸ਼ੁਰੂਆਤ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਸੋਨਮ ਬਾਜਵਾ ਦੀ ਇਸ ਭਾਵੁਕ ਅਪੀਲ ਤੋਂ ਬਾਅਦ ਪ੍ਰਸ਼ਾਸਨ ਆਪਣੀ ਕਾਰਵਾਈ ਵਿੱਚ ਕੋਈ ਬਦਲਾਅ ਕਰਦਾ ਹੈ ਜਾਂ ਨਹੀਂ।

Advertisement
×