Small Traders Association: ਨਵੇਂ ਪ੍ਰਸਤਾਵਿਤ ਵੈਂਡਿੰਗ ਜ਼ੋਨਾਂ ਦਾ ਵਿਰੋਧ
ਵਪਾਰੀਆਂ ਨੇ ਨਿਗਮ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ
ਸਮਾਲ ਟ੍ਰੇਡਰਜ਼ ਐਸੋਸੀਏਸ਼ਨ ਨੇ ਚੰਡੀਗੜ੍ਹ ਵਿੱਚ ਨਵੇਂ ਵੈਂਡਿੰਗ ਜ਼ੋਨਾਂ ਦੀ ਪ੍ਰਸਤਾਵਿਤ ਸਿਰਜਣਾ ਦਾ ਸਖ਼ਤ ਵਿਰੋਧ ਕੀਤਾ ਗਿਆ ਅਤੇ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਮਾਰਕੀਟਾਂ ਨੂੰ ‘ਵੈਂਡਿੰਗ-ਜ਼ੋਨ-ਮੁਕਤ ਖੇਤਰ’ ਘੋਸ਼ਿਤ ਕੀਤਾ ਜਾਵੇ। ਇਸੇ ਸਬੰਧ ਵਿੱਚ ਐਸੋਸੀਏਸ਼ਨ ਦੇ ਵਫ਼ਦ ਨੇ ਨਗਰ-ਨਿਗਮ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ। ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਗੋਇਲ ਨੇ ਕਿਹਾ ਕਿ ਮੌਜੂਦਾ ਵੈਂਡਿੰਗ ਜ਼ੋਨ ਸ਼ਹਿਰ ਦੇ ਲਗਪਗ 4 ਹਜ਼ਾਰ ਰਜਿਸਟਰਡ ਵਿਕਰੇਤਾਵਾਂ ਨੂੰ ਅਨੁਕੂਲਿਤ ਕਰਨ ਦੇ ਸਮਰੱਥ ਹਨ; ਇਸ ਲਈ ਨਵੇਂ ਜ਼ੋਨ ਬਣਾਉਣੇ ਜਾਇਜ਼ ਨਹੀਂ।
ਮੁਕੇਸ਼ ਗੋਇਲ ਨੇ ਦਲੀਲ ਦਿੱਤੀ ਕਿ ਨਵੇਂ ਵੈਂਡਿੰਗ ਜ਼ੋਨ ਵਿਕਸਿਤ ਕਰਨ ਦੀ ਥਾਂ ਪ੍ਰਸ਼ਾਸਨ ਨੂੰ ਮੌਜੂਦਾ ਜ਼ੋਨਾਂ ਵਿੱਚ ਬੁਨਿਆਦੀ ਸਹੂਲਤਾਂ ਦਾ ਵਿਸਥਾਰ ਕਰਨ ਅਤੇ ਸਾਰੇ ਯੋਗ ਰਜਿਸਟਰਡ ਵਿਕਰੇਤਾਵਾਂ ਲਈ ਯੋਜਨਾਬੱਧ ਢੰਗ ਨਾਲ ਜਗ੍ਹਾ ਪ੍ਰਦਾਨ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨਵੇਂ ਵੈਂਡਿੰਗ ਜ਼ੋਨ ਬਣਾਉਣ ਨਾਲ ਵਿਕਰੇਤਾਵਾਂ ਨੂੰ ਬੇਲੋੜੀ ਪ੍ਰਸ਼ਾਸਕੀ ਪ੍ਰਕਿਰਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਸਰਕਾਰੀ ਦਫਤਰਾਂ ਦੇ ਵਾਰ-ਵਾਰ ਚੱਕਰ ਲਗਾਉਣ ਲਈ ਮਜ਼ਬੂਰ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਖਾਸ ਮਾਰਕੀਟਾਂ ਲਈ ਪਹਿਲਾਂ ਤੋਂ ਸੂਚਿਤ ਜਾਂ ਪ੍ਰਸਤਾਵਿਤ ਵੈਂਡਿੰਗ ਜ਼ੋਨਾਂ ਨੂੰ ਰੱਦ ਕੀਤਾ ਜਾਵੇ।
ਇਨ੍ਹਾਂ ਮੰਗਾਂ ਨੂੰ ਦਬਾਉਣ ਲਈ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਗੋਇਲ ਦੀ ਅਗਵਾਈ ਹੇਠ ਲਗਭਗ 300 ਮੈਂਬਰਾਂ ਨੇ ਨਿਗਮ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿੱਚ ਪ੍ਰਸ਼ਾਸਨ ਨੂੰ ਨਵੇਂ ਵੈਂਡਿੰਗ ਜ਼ੋਨਾਂ ਦੀ ਯੋਜਨਾ ਨੂੰ ਵਾਪਸ ਲੈਣ, ਮੌਜੂਦਾ ਜ਼ੋਨਾਂ ਨੂੰ ਜ਼ਰੂਰੀ ਸਹੂਲਤਾਂ ਨਾਲ ਵਿਕਸਤ ਕਰਨ ਅਤੇ ਉਨ੍ਹਾਂ ਵਿੱਚ ਸਾਰੇ ਰਜਿਸਟਰਡ ਵਿਕਰੇਤਾਵਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਗਈ।
