ਸੀਸ ਮਾਰਗ ਯਾਤਰਾ ਅੰਬਾਲਾ ਪੁੱਜੀ
ਯਾਤਰਾ ਦਾ ਅੰਬਾਲਾ ਪੁੱਜਣ ’ਤੇ ਸਵਾਗਤ ਕਰਦੇ ਹੋਏ ਪਤਵੰਤੇ। -ਫੋਟੋ: ਭੱਟੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋਈ ਵਿਸ਼ੇਸ਼ ਸੀਸ ਮਾਰਗ ਯਾਤਰਾ ਅੱਜ ਅੰਬਾਲਾ ਸ਼ਹਿਰ ਦੇ ਗੁਰਦੁਆਰਾ ਸੀਸਗੰਜ ਸਾਹਿਬ ਪੁੱਜੀ।...
ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋਈ ਵਿਸ਼ੇਸ਼ ਸੀਸ ਮਾਰਗ ਯਾਤਰਾ ਅੱਜ ਅੰਬਾਲਾ ਸ਼ਹਿਰ ਦੇ ਗੁਰਦੁਆਰਾ ਸੀਸਗੰਜ ਸਾਹਿਬ ਪੁੱਜੀ। ਗੁਰੂ ਤੇਗ ਬਹਾਦਰ ਸਾਹਿਬ ਸੇਵਾ ਸੁਸਾਇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਢਾਡੀ ਭਾਈ ਬਲਬੀਰ ਸਿੰਘ ਭੱਠਲ ਅਤੇ ਹੋਰ ਜਥਿਆਂ ਨੇ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਯਾਤਰਾ ਦੇ ਨਾਲ ਚੱਲ ਰਹੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ ਅਤੇ ਅਕਾਲ ਪੁਰਖ ਫੌਜ ਦੀ ਪੂਰਨ ਕੋਰ ਕਮੇਟੀ ਅਤੇ ਗਿਆਨ ਪ੍ਰਕਾਸ਼ ਟਰੱਸਟ ਦਾ ਅੰਬਾਲਾ ਪਹੁੰਚਣ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਸੇਵਾ ਸੁਸਾਇਟੀ ਦੇ ਮੈਬਰ ਸਤਿੰਦਰ ਪਾਲ ਸਿੰਘ ਬੰਟੀ, ਅਵਨੀਤ ਪਾਲ ਸਿੰਘ, ਸਿਮਰਪਾਲ ਸਿੰਘ, ਦਿਲਪ੍ਰੀਤ ਸਿੰਘ ਸਮਾਟੀ, ਪ੍ਰਿੰਸ ਅਹੂਜਾ, ਜਤਿੰਦਰ ਪਾਲ ਸਿੰਘ ਹਨੀ, ਮਨਪ੍ਰੀਤ ਸਿੰਘ ਮੰਨੀ, ਨਵਜੀਤ ਸਿੰਘ ਜਾਪ ਆਦਿ ਮੌਜੂਦ ਸਨ।
ਵਿਦਿਆਰਥੀਆਂ ਨੂੰ ਉਦਯੋਗਿਕ ਖੇਤਰ ਬਾਰੇ ਦੱਸਿਆ
ਚਮਕੌਰ ਸਾਹਿਬ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗ੍ਰੈਜੂਏਟ ਫੂਡ ਪ੍ਰਾਸੈਸਿੰਗ ਵਿਭਾਗ ਵੱਲੋਂ ਮੈਗਾ ਸਟਾਰ ਫੂਡ ਕੰਪਨੀ ਦੇ ਸਹਿਯੋਗ ਨਾਲ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹਨ। ਮੈਗਾ ਸਟਾਰ ਫੂਡ ਕੰਪਨੀ ਵੱਲੋਂ ਆਏ ਐੱਚ ਆਰ ਤੇ ਮੁਖੀ ਵਿਨੈ ਕੁਮਾਰ ਅਤੇ ਕੁਆਲਿਟੀ ਮੈਨੇਜਰ ਮੁਹੰਮਦ ਰਫ਼ੈ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਵਿਭਾਗ ਮੁਖੀ ਡਾ. ਮਮਤਾ ਅਰੋੜਾ ਨੇ ਕਿਹਾ ਕਿ ਇਸ ਕੰਪਨੀ ਵੱਲੋਂ ਕਰਵਾਇਆ ਗਿਆ ਇਹ ਲੈਕਚਰ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ। ਇਸ ਮੌਕੇ ਡਾ. ਪਰਵਿੰਦਰ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਜਸਪ੍ਰੀਤ ਕੌਰ, ਡਾ. ਬਿਨੈਪ੍ਰੀਤ ਕੌਰ, ਰੀਮਾ ਦੇਵੀ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ ਗੁਰਵਿੰਦਰ ਕੌਰ ਅਤੇ ਪ੍ਰੋ. ਨਵਜੋਤ ਭਾਰਤੀ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਸ਼ਹੀਦੀ ਸਮਾਗਮ ਦੇ ਪ੍ਰਬੰਧਾਂ ਸਬੰਧੀ ਮੀਟਿੰਗ
ਫ਼ਤਹਿਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਚਾਰ ਨਵੰਬਰ ਨੂੰ ਮਾਧੋਪੁਰ ਖੇਡ ਸਟੇਡੀਅਮ ਸਰਹਿੰਦ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ। ਡੀ ਸੀ ਡਾ. ਸੋਨਾ ਥਿੰਦ ਨੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਬੰਧਨ ਹੇਠ ਕਰਵਾਇਆ ਜਾ ਰਿਹਾ ਸਮਾਗਮ ਸ਼ਾਮ 5.30 ਵਜੇ ਸ਼ੁਰੂ ਹੋਵੇਗਾ। ਸਮਾਗਮ ਸਬੰਧੀ ਉਨ੍ਹਾਂ ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ ਨੂੰ ਨੋਡਲ ਅਫ਼ਸਰ ਬਣਾਇਆ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਅਰਵਿੰਦ ਗੁਪਤਾ, ਉਪ ਮੰਡਲ ਮੈਜਿਸਟਰੇਟ ਅਮਲੋਹ ਚੇਤਨ ਬੰਗੜ, ਉਪ ਮੰਡਲ ਮੈਜਿਸਟਰੇਟ ਬਸੀ ਪਠਾਣਾ ਹਰਵੀਰ ਕੌਰ, ਉਪ ਮੰਡਲ ਮੈਜਿਸਟਰੇਟ ਖਮਾਣੋਂ ਮਨਰੀਤ ਰਾਣਾ, ਐਸ ਪੀ ਰਾਕੇਸ਼ ਯਾਦਵ ਅਤੇ ਡੀ ਐੱਸ ਪੀ ਹਰਤੇਸ਼ ਕੌਸ਼ਿਕ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਟਵਿੰਕਲ ਬੈੱਲ ਸਕੂਲ ’ਚ ਹੈਲੋਵੀਨ ਮਨਾਈ
ਪੰਚਕੂਲਾ: ਇੱਥੋਂ ਦੇ ਟਵਿੰਕਲ ਬੈੱਲ ਸਕੂਲ ਵਿੱਚ ਹੈਲੋਵੀਨ ਮਨਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਡਰਾਉਣੀਆਂ ਚੀਜ਼ਾਂ ਬਣਾਈਆਂ। ਬੱਚਿਆਂ ਨੇ ਮਾਸਕ ਪਾ ਕੇ ਮਸਤੀ ਕੀਤੀ। ਇਸ ਦੌਰਾਨ ਬੱਚਿਆਂ ਨੇ ਡਰਾਉਣੀਆਂ ਕਹਾਣੀਆਂ ਸੁਣਾਈਆਂ। -ਪੱਤਰ ਪ੍ਰੇਰਕ
ਮਾਤਾ ਰਣਜੀਤ ਕੌਰ ਨੂੰ ਸਮਰਪਿਤ ਸਮਾਗਮ
ਮੁੱਲਾਂਪੁਰ ਗਰੀਬਦਾਸ: ਰਤਵਾੜਾ ਸਾਹਿਬ ਵਿੱਚ ਬਾਬਾ ਵਰਿਆਮ ਸਿੰਘ ਦੀ ਜੀਵਨ ਸਾਥਣ ਰਹੇ ਮਾਤਾ ਰਣਜੀਤ ਕੌਰ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਵਿਸ਼ਵ ਗੁਰਮਤਿ ਰੁਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਵਿਦਿਅਕ ਅਦਾਰਿਆਂ ਦੇ ਡਾਇਰੈਕਟਰ ਭਾਈ ਜਸਵੰਤ ਸਿੰਘ ਸਿਆਣ ਤੇ ਟਰੱਸਟੀ ਭਾਈ ਡਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਸੰਤ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸਕੂਲ ਰਤਵਾੜਾ ਸਾਹਿਬ ਦੇ ਵਿਦਿਆਰਥੀਆਂ ਸਣੇ ਬਾਬਾ ਹਰਪਾਲ ਸਿੰਘ ਰਤਵਾੜਾ ਸਾਹਿਬ ਨੇ ਕੀਰਤਨ ਕੀਤਾ। ਇਸ ਮੌਕੇ ਸੰਤ ਵਰਿਆਮ ਸਿੰਘ ਦੇ ਪੁੱਤਰ ਭਾਈ ਮਨਜੀਤ ਸਿੰਘ, ਭਾਜਪਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ, ਮਾਰਕਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। -ਪੱਤਰ ਪ੍ਰੇਰਕ
ਵਪਾਰੀ ਵਿਨੋਦ ਭੂਸ਼ਨ ਜੈਨ ਦਾ ਦੇਹਾਂਤ
ਖਰੜ: ਖਰੜ ਦੇ ਜੰਮਪਲ ਅਤੇ ਹੋਲਸੇਲ ਦਵਾਈਆਂ ਦੇ ਵਪਾਰੀ ਵਿਨੋਦ ਭੂਸ਼ਨ ਜੈਨ ਦਾ ਅੱਜ ਦੇਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਜੈਨ ਨੇ ਖਰੜ ਵਿਚ ਰਿਟੇਲ ਕੈਮਿਸਟ ਦੇ ਤੌਰ ’ਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ। ਇਸ ਉਪਰੰਤ ਉਹ ਖਰੜ ਤੋਂ ਪੰਚਕੂਲਾ ਚਲੇ ਗਏ ਸਨ। ਵਿਨੋਦ ਭੂਸ਼ਨ ਜੈਨ ਕਈ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਦੇ ਛੋਟੇ ਭਰਾ ਪ੍ਰਮੋਦ ਜੈਨ ਖਰੜ ਵਿੱਚ ਸਰਾਫ਼ ਵਜੋਂ ਕਾਰੋਬਾਰ ਕਰਦੇ ਹਨ। -ਪੱਤਰ ਪ੍ਰੇਰਕ

