Sirsa River Pollution: ਘਨੌਲੀ ਨੇੜੇ ਗੰਦੇ ਨਾਲੇ ’ਚ ਤਬਦੀਲ ਹੋਈ ਸਰਸਾ ਨਦੀ; PPCB ਦੀ ਰਿਪੋਰਟ ’ਚ ਪ੍ਰਦੂਸ਼ਣ ਦਾ ਚਿੰਤਾਜਨਕ ਖੁਲਾਸਾ
ਬੈਕਟੀਰੀਆ ਦੀ ਮਾਤਰਾ ਤੈਅ ਸੀਮਾ ਤੋਂ 34 ਗੁਣਾ ਵਧੀ; ਰੋਪੜ ਵਿਖੇ ਸਤਲੁਜ ’ਚ ਮਿਲਣ ਕਾਰਨ ਪੀਣ ਵਾਲੇ ਪਾਣੀ ਲਈ ਖੜ੍ਹਾ ਹੋਇਆ ਵੱਡਾ ਖ਼ਤਰਾ
ਰੋਪੜ ਜ਼ਿਲ੍ਹੇ ਦੇ ਘਨੌਲੀ ਤੱਕ ਪਹੁੰਚਦਿਆਂ-ਪਹੁੰਚਦਿਆਂ ਸਰਸਾ ਨਦੀ ਜ਼ਹਿਰੀਲੇ ਪਾਣੀ ਅਤੇ ਪ੍ਰਦੂਸ਼ਣ ਦਾ ਭਾਰੀ ਬੋਝ ਹੰਢਾ ਰਹੀ ਹੈ। ਉੱਤਰੀ ਜ਼ੋਨਲ ਕੌਂਸਲ (North Zone Council) ਦੀ ਬੈਠਕ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਨੇ ਨਦੀ ਦੇ ਪਾਣੀ ਦੀ ਗੰਭੀਰ ਸਥਿਤੀ ਦਾ ਪਰਦਾਫਾਸ਼ ਕੀਤਾ ਹੈ। ਬੋਰਡ ਵੱਲੋਂ ਜੁਲਾਈ 2025 ਤੋਂ ਮਾਰਚ 2026 ਦਰਮਿਆਨ ਲਏ ਗਏ ਪਾਣੀ ਦੇ ਸੈਂਪਲਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਦੀ ਵਿੱਚ ‘ਫੀਕਲ ਕੋਲੀਫਾਰਮ’ (ਮਲ-ਮੂਤਰ ਵਾਲੇ ਬੈਕਟੀਰੀਆ) ਅਤੇ ‘ਬਾਇਓਕੈਮੀਕਲ ਆਕਸੀਜਨ ਡਿਮਾਂਡ’ (BOD) ਦਾ ਪੱਧਰ ਨਿਰਧਾਰਤ ਮਾਪਦੰਡਾਂ ਤੋਂ ਕਈ ਗੁਣਾ ਵੱਧ ਚੁੱਕਾ ਹੈ।
PPCB ਦੇ ਅੰਕੜਿਆਂ ਅਨੁਸਾਰ ਮਾਰਚ 2026 ਵਿੱਚ ਘਨੌਲੀ ਵਿਖੇ ਸਰਸਾ ਨਦੀ ਵਿੱਚ ਟੋਟਲ ਕੋਲੀਫਾਰਮ (Total Coliform) ਦੀ ਮਾਤਰਾ 60,000 MPN/100 ml ਤੱਕ ਪਹੁੰਚ ਗਈ, ਜਦੋਂ ਕਿ ਫੀਕਲ ਕੋਲੀਫਾਰਮ (Faecal Coliform) 17,000 MPN/100 ml ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਨਿਯਮਾਂ ਮੁਤਾਬਕ ਨਹਾਉਣ ਯੋਗ ਪਾਣੀ ਵਿੱਚ ਫੀਕਲ ਕੋਲੀਫਾਰਮ ਦੀ ਮਾਤਰਾ 500 MPN/100 ml ਹੋਣੀ ਚਾਹੀਦੀ ਹੈ, ਪਰ ਸਰਸਾ ਨਦੀ ਵਿੱਚ ਇਹ ਸੀਮਾ 34 ਗੁਣਾ ਤੋਂ ਵੀ ਵੱਧ ਪਾਈ ਗਈ ਹੈ। ਇਸ ਤੋਂ ਇਲਾਵਾ ਦਸੰਬਰ 2025 ਵਿੱਚ ਨਦੀ ਦਾ BOD ਪੱਧਰ 15 mg/L ਤੱਕ ਪਹੁੰਚ ਗਿਆ ਸੀ, ਜੋ ਕਿ ਨਿਰਧਾਰਤ ਸੀਮਾ ਨਾਲੋਂ ਪੰਜ ਗੁਣਾ ਵੱਧ ਹੈ।
ਇਹ ਅੰਕੜੇ ਇਸ ਲਈ ਵੀ ਬਹੁਤ ਅਹਿਮ ਅਤੇ ਚਿੰਤਾਜਨਕ ਹਨ ਕਿਉਂਕਿ ਸਰਸਾ ਨਦੀ ਰੋਪੜ ਦੇ ਨੇੜੇ ਜਾ ਕੇ ਸਤਲੁਜ ਦਰਿਆ ਵਿੱਚ ਮਿਲਦੀ ਹੈ। ਸਤਲੁਜ ਦੇ ਪਾਣੀ ਦੀ ਵਰਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਪੀਣ ਲਈ ਕੀਤੀ ਜਾਂਦੀ ਹੈ, ਜਿਸ ਕਾਰਨ ਸਰਸਾ ਨਦੀ ਦਾ ਇਹ ਜ਼ਹਿਰੀਲਾ ਪਾਣੀ ਪੂਰੇ ਸੂਬੇ ਦੀ ਜਨ-ਸਿਹਤ ਲਈ ਖ਼ਤਰਾ ਬਣ ਰਿਹਾ ਹੈ। ਅਧਿਕਾਰੀਆਂ ਅਨੁਸਾਰ ਇਸ ਪ੍ਰਦੂਸ਼ਣ ਦਾ ਮੁੱਖ ਕਾਰਨ ਹਿਮਾਚਲ ਪ੍ਰਦੇਸ਼ ਦੇ ਬੱਦੀ-ਨਾ ਲਾਗੜ੍ਹ ਔਦਯੋਗਿਕ ਖੇਤਰ ਤੋਂ ਆਉਂਦਾ ਉਦਯੋਗਿਕ ਅਤੇ ਸ਼ਹਿਰੀ ਕੂੜਾ-ਕਰਕਟ ਹੈ।
ਸੀ.ਪੀ.ਸੀ.ਬੀ. (CPCB) ਦੇ ਨਿਯਮਾਂ ਅਨੁਸਾਰ ਪੀਣ ਵਾਲੇ ਪਾਣੀ ਲਈ ਟੋਟਲ ਕੋਲੀਫਾਰਮ ਸਿਰਫ਼ 50 MPN/100 ml ਹੋਣਾ ਚਾਹੀਦਾ ਹੈ, ਜਦੋਂ ਕਿ ਘਨੌਲੀ ਵਿੱਚ ਇਹ 60,000 ਰਿਕਾਰਡ ਕੀਤਾ ਗਿਆ ਹੈ। ਹਾਲਾਂਕਿ ਸਰਸਾ ਨਦੀ ਵਿੱਚ ਆਕਸੀਜਨ ਦੀ ਕਮੀ ਸਤਲੁਜ ਦੇ ਕੁੱਝ ਜ਼ਿਆਦਾ ਪ੍ਰਦੂਸ਼ਿਤ ਹਿੱਸਿਆਂ ਜਿੰਨੀ ਗੰਭੀਰ ਨਹੀਂ ਹੈ, ਪਰ ਬੈਕਟੀਰੀਆ ਦੀ ਇਹ ਖ਼ਤਰਨਾਕ ਮਾਤਰਾ ਕਾਰਨ ਇਹ ਨਹਾਉਣ ਅਤੇ ਵਰਤੋਂ ਕਰਨ ਦੇ ਬਿਲਕੁਲ ਯੋਗ ਨਹੀਂ।

